ਇਵੇਂ ਬਣਦਾ ਸੀ ਖੂਹ

ਕੁਝ ਦਿਨ ਪਹਿਲਾਂ ਮੋਹਨ ਸਿੰਘ ਦੇ ‘ਸਾਵੇ ਪੱਤਰ’ ਹੱਥ ਲੱਗੇ, ਵਰਕੇ ਫਰੋਲੇ, ਸਕੂਲ ਸਮੇਂ ਦੀ ਜ਼ੁਬਾਨੀ ਯਾਦ ਕੀਤੀ ਕਵਿਤਾ ਜੋ ਅੱਜ ਵੀ ਯਾਦ ਹੈ ਪੜ੍ਹੀ:

ਇਹ ਗਾਧੀ ਬਣੀ ਨਵਾਰੀ
ਅੱਗੇ ਵਗਦਾ ਬਲਦ ਹਜ਼ਾਰੀ
ਕਰ ਇਸ ਉਤੇ ਅਸਵਾਰੀ
ਭੁੱਲ ਜਾਵਣ ਦੋਵੇਂ ਜੱਗ ਨੀ
ਸਾਡੇ ਖੂਹ ’ਤੇ ਵਸਦਾ ਰੱਬ ਨੀ।

ਨਾਲ ਹੀ ਗਾਧੀ ਦੇ ਸਵਰਗੀ ਝੂਟੇ ਜਿਹੇ ਆਏ, ਸਿਤਾਰਿਆਂ ਜੜੇ ਈਨੂੰ ਵੀ ਦਿਸੇ, ਰੀਂ ਰੀਂ ਵਾਂ-ਵਾਂ ਦੀ ਮਿੱਠੀ ਲੈਅ ਕੰਨੀਂ ਪਈ ਅਤੇ ਪੁਰਾਣੇ ਸਵਰਗ ਵਿਚ ਪਹੁੰਚ ਗਿਆ। ਉਸ ਸਮੇਂ ਦੇ ਖੂਹ ਨਾਲ ਜੁੜੇ ਸ਼ਬਦ ਚੇਤੇ ਆਏ, ਜੋ ਨਵੀਂ ਪੀੜ੍ਹੀ ਨੂੰ ਅਜੀਬ ਹੀ ਲੱਗਣਗੇ ਜਿਵੇਂ ਹਲਟ, ਗਾਧੀ, ਟਿੰਡਾਂ, ਮਾਹਲ, ਖੋਪੇ, ਲਾਸ, ਪਾੜਛਾ, ਚੁਬੱਚਾ, ਔਲੂ, ਖਾਲ੍ਹ, ਕੁੱਤਾ, ਚਕਰੀਆਂ, ਮੌਣ, ਚੱਕ ਆਦਿ। ਚੱਕ ਦਾ ਸ਼ਬਦ ਮੈਨੂੰ ਚੁੱਕ ਕੇ ਫੇਰ ਅੱਸੀ ਸਾਲ ਪਿੱਛੇ ਲੈ ਗਿਆ ਜਦੋਂ ਅਸੀਂ ਆਪਣੀ ਪੈਲੀ ਵਿਚ ਖੂਹ ਲਗਵਾਇਆ ਸੀ।
ਉਸ ਸਮੇਂ ਖੂਹ ਕਿਤੇ-ਕਿਤੇ ਹੀ ਹੁੰਦੇ ਸਨ। ਜ਼ਮੀਨਾਂ ਖੁੱਲ੍ਹੀਆਂ ਅਤੇ ਮਾਰੂ ਹੁੰਦੀਆਂ ਸਨ। ਰੱਬ ਦੀ ਕਿਰਪਾ ਨਾਲ ਹੀ ਜਵਾਰ, ਬਾਜਰਾ, ਗੁਆਰਾ, ਛੋਲੇ ਅਤੇ ਖਾਣ ਜੋਗੀ ਕਣਕ ਹੋ ਜਾਂਦੀ ਸੀ। ਪਾਣੀ ਬੜਾ ਨੇੜੇ ਸੀ, ਪਰਨੇ ਨਾਲ ਕਰਮੰਡਲ ਬੰਨ੍ਹ ਕੇ ਪਾਣੀ ਪੀ ਲਈਦਾ ਸੀ। ਸਾਡੇ ਬਜ਼ੁਰਗਾਂ ਨੇ ਵੀ ਖੂਹ ਲਗਵਾਉਣ ਦਾ ਫ਼ੈਸਲਾ ਕਰ ਲਿਆ ਅਤੇ ਸ਼ਾਇਦ 23 ਰੁਪਏ ਤੋਲੇ ਦੇ ਹਿਸਾਬ ਕੁਝ ਗਹਿਣੇ ਵੀ ਵੇਚਣੇ ਪਏ। ਸੋ ਮੈਂ ਆਪਣੇ ਬਚਪਨ ’ਚ ਦੇਖਿਆ ਕਿ ਖੂਹ ਕਿਵੇਂ ਬਣਦਾ ਹੈ ਅਤੇ ਕਿੰਨਾ ਔਖਾ।

 

ਜੋਧ ਸਿੰਘ ਮੋਗਾ

ਸਭ ਤੋਂ ਪਹਿਲਾਂ ਖੂਹ ਬਣਾਉਣ ਵਾਲੇ ਮਸ਼ਹੂਰ ਚੋਭੇ ਮਾਘੀ ਸਿੰਘ ਅਤੇ ਉਸ ਦੇ ਭਰਾ ਨਾਲ ਗੱਲਬਾਤ ਹੋਈ। ਉਨ੍ਹਾਂ ਨੇ ਵਾਹਵਾ ਉੱਚਾ ਜਿਹਾ ਥਾਂ ਦੇਖ ਕੇ ਨਿਸ਼ਾਨ ਲਾ ਦਿੱਤੇ ਅਤੇ 15 ਕੁ ਫੁੱਟ ਗੋਲ ਅਤੇ 10 ਕੁ ਫੁੱਟ ਡੂੰਘਾ ਟੋਆ ਪੁਟਵਾਇਆ ਅਤੇ ਚੱਕ ਬਣਵਾਉਣ ਲਈ ਕਿਹਾ। ਚੱਕ ਚੰਗੀ ਲੱਕੜ ਦਾ, ਗੱਡੇ ਦੇ ਪਹੀਏ ਵਰਗਾ ਹੁੰਦਾ ਸੀ, ਜੋ ਖੂਹ ਦਾ ਆਧਾਰ ਜਾਂ ਪੱਕੀ ਨੀਂਹ ਜਾਂ ਬੁਨਿਆਦ ਹੁੰਦੀ ਸੀ, ਜਿਸ ਉੱਤੇ ਪੱਕੀਆਂ ਇੱਟਾਂ ਨਾਲ ਖੂਹ ਦੀ ਗੋਲ ਉਸਾਰੀ ਹੁੰਦੀ ਸੀ। ਸੋ ਖੂਹ ਟਾਹਲੀ ਦੇ ਚੰਗੇ ਚੱਕ ਉੱਤੇ ਹੀ ਨਿਰਭਰ ਹੁੰਦਾ ਸੀ।
ਮੈਨੂੰ ਯਾਦ ਹੈ ਕਿ ਫੁੱਟ ਦੇ ਕਰੀਬ ਮੋਟਾ ਅਤੇ ਦਸ ਫੁੱਟ ਵਿਆਸ ਦਾ ਗੱਡੇ ਦੇ ਪਹੀਏ ਵਰਗਾ ਪੂਰਾ ਗੋਲ ਚੱਕ, ਭਾਰਾ ਹੋਣ ਕਾਰਨ ਉੱਥੇ ਹੀ ਬਣਿਆ ਸੀ। ਹੁਣ ਟੋਆ ਵੀ ਤਿਆਰ ਸੀ ਕਿਉਂਕਿ ਪਾਣੀ ਨਿੱਕਲ ਆਇਆ ਸੀ ਅਤੇ ਚੱਕ ਵੀ ਤਿਆਰ ਸੀ, ਬਸ ਚੱਕ ਉਤਾਰਨ ਦੀ ਵਾਰੀ ਸੀ, ਜੋ ਬੜੇ ਸ਼ਗਨਾਂ ਨਾਲ ਹੋਈ। ਮੇਰੀਆਂ ਚਾਚੀਆਂ, ਤਾਈਆਂ, ਭਰਜਾਈਆਂ ਘੱਗਰੇ ਪਾ ਕੇ ਵਧਾਈ ਦੇ ਗੀਤ ਗਾਉਂਦੀਆਂ ਉੱਥੇ ਪਹੁੰਚੀਆਂ ਜਿਵੇਂ ਨਾਨਕਾ ਮੇਲ ਹੁੰਦਾ ਹੈ। ਦੋ ਪਰਾਤਾਂ ਮਿੱਠੇ ਚੌਲਾਂ ਦੀਆਂ ਉਨ੍ਹਾਂ ਦੇ ਸਿਰਾਂ ’ਤੇ ਸਨ ਅਤੇ ਕਈਆਂ ਕੋਲ ਫੁਲਕਾਰੀਆਂ ਵੀ। ਵਾਹਵਾ ਖ਼ੁਸ਼ੀ ਅਤੇ ਚਾਵਾਂ ਭਰਿਆ ਜਜ਼ਬਾਤੀ ਮਾਹੌਲ ਸੀ। ਚੱਕ ’ਤੇ ਫੁਲਕਾਰੀਆਂ ਪਾਈਆਂ ਗਈਆਂ। ਸੰਧੂਰ, ਖੰਮਣੀਆਂ ਅਤੇ ਚੌਲਾਂ ਨਾਲ ਮੱਥੇ ਟੇਕੇ ਗਏ ਕਿਉਂਕਿ ਇਹ ਚੱਕ ਦੇ ਅੰਤਮ ਦਰਸ਼ਨ ਸਨ। ਇਸ ਚੱਕ ਨੇ ਸਦਾ ਵਾਸਤੇ ਲੋਪ ਹੋ ਜਾਣਾ ਸੀ। ਦਸ ਬਾਰਾਂ ਬੰਦਿਆਂ ਨੇ ਭਾਰੇ ਚੱਕ ਨੂੰ ਚਹੁੰ ਲਾਸਾਂ ਨਾਲ ਬੰਨ੍ਹ ਕੇ ਬੜੀ ਮੁਸ਼ਕਿਲ ਨਾਲ ਉਸ ਪੁਟਾਈ ਵਿਚ ਲਮਕਾਇਆ ਅਤੇ ਅਰਦਾਸ ਮਗਰੋਂ ਖੁਆਜਾ ਪੀਰ ਦੇ ਨਮਿਤ ਮਿੱਠੇ ਚੌਲ ਵੰਡੇ ਗਏ। ਖੁਆਜੇ ਪੀਰ ਨੂੰ ਪਾਣੀ ਦਾ ਦੇਵਤਾ ਮੰਨਿਆ ਜਾਂਦਾ ਹੈ। ਇਹ ਖੂਹ ਦੀ ਬਣਤਰ ਦਾ ਪਹਿਲਾ ਪੜਾਅ ਸੀ। ਹੁਣ ਉਸ ਚੱਕ ’ਤੇ ਇੱਟਾਂ ਦੀ ਗੋਲ ਚਿਣਾਈ ਸ਼ੁਰੂ ਹੋਈ ਜੋ ਸ਼ਾਇਦ ਚੂਨੇ ਦੀ ਚਿਣਾਈ ਸੀ। ਸੀਮਿੰਟ ਉਸ ਸਮੇਂ ਘੱਟ ਹੁੰਦਾ ਹੋਵੇਗਾ, ਇਸ ਲਈ ਖੂਹ ਦੇ ਅੰਦਰ ਹੀ ਸੀਮਿੰਟ ਦਾ ਪਲਸਤਰ ਸੀ।
ਹੁਣ ਖੂਹ ਨੂੰ ਉਤਾਰਨ ਦਾ ਔਖਾ ਕੰਮ ਸ਼ੁਰੂ ਹੋਇਆ। ਇਕ ਲੋਹੇ ਦਾ ਬਹੁਤ ਵੱਡਾ ਕਹਿਆ ਲੰਮੀ ਲਾਸ ਨਾਲ ਬੰਨ੍ਹਿਆ ਹੁੰਦਾ ਸੀ। ਮਾਘੀ ਸਿੰਘ ਖੂਹ ਵਿਚ ਰਹਿੰਦਾ ਸੀ, ਉਹ ਚੱਕ ਦੇ ਥੱਲੇ ਜ਼ੋਰ ਨਾਲ ਕਹਿਆ ਮਾਰ ਦਿੰਦਾ ਸੀ ਅਤੇ ਅੰਦਰੋਂ ਲੰਮੀ ਹੇਕ ਨਾਲ ਇਸ਼ਾਰਾ ਕਰ ਦਿੰਦਾ ਸੀ। ਬਾਹਰ ਦੋ ਬਲਦ ਜਾਂ ਬੋਤਾ ਲਾਸ ਨੂੰ ਖਿੱਚ ਲੈਂਦੇ ਸਨ, ਉੱਤੇ ਦੋ ਬੰਦੇ ਰੇਤਾ ਬਾਹਰ ਲਾਹ ਦਿੰਦੇ ਸਨ ਅਤੇ ਕਹਿਆ ਫੇਰ ਖੂਹ ਵਿਚ ਲਮਕਾ ਦਿੰਦੇ ਸਨ। ਇਹ ਕੰਮ ਇਸੇ ਤਰ੍ਹਾਂ ਲਗਾਤਾਰ ਚੱਲਦਾ ਸੀ। ਖੂਹ ਆਪਣੇ ਭਾਰ ਨਾਲ ਹੀ ਹੌਲੀ-ਹੌਲੀ ਥੱਲੇ ਖਿਸਕਦਾ ਰਹਿੰਦਾ ਸੀ। ਜੇ ਕਿਤੇ ਪਾਂਡੋ ਜਾਂ ਰੋੜ ਆ ਜਾਂਦੇ ਤਾਂ ਦਿਹਾੜੀ ਵਿਚ ਮਸਾਂ ਗਿੱਠ ਕੁ ਹੀ ਥੱਲੇ ਜਾਂਦਾ ਸੀ। ਔਖਾ ਕੰਮ ਉਸ ਸਮੇਂ ਹੁੰਦਾ ਸੀ ਜਦੋਂ ਡੂੰਘੇ ਪਾਣੀ ਵਿਚ ਚੁੱਭੀ ਮਾਰ ਕੇ ਕਹਿਆ ਚੱਕ ਥੱਲੇ ਮਾਰਨਾ ਪੈਂਦਾ ਸੀ। ਮਾਘੀ ਸਿੰਘ ਸ਼ਾਇਦ ਇਕ ਮਿੰਟ ਤੋਂ ਵੀ ਵਧ ਸਾਹ ਰੋਕ ਕੇ ਚੁੱਭੀ ਲਾਈ ਰੱਖਦਾ ਸੀ। ਰੋਟੀ ਘੱਟ ਖਾਂਦਾ ਸੀ, ਪਰ ਰੋਜ਼ ਇਕ ਛੰਨਾ ਘਿਓ ਦਾ ਜ਼ਰੂਰ ਪੀਂਦਾ ਸੀ। ਅੰਦਰ ਉੱਚੀ ਉੱਚੀ ਪਾਠ ਵੀ ਕਰ ਲੈਂਦਾ ਸੀ। ਧੰਨ ਸੀ ਮਾਘੀ ਸਿੰਘ। ਇਕ ਮਹੀਨੇ ਤੋਂ ਵੱਧ ਸਮਾਂ ਲੱਗਿਆ ਹੋਵੇਗਾ। ਹੁਣ ਚੱਕ ਤਾਂ ਸਦਾ ਲਈ ਲੋਪ ਹੋ ਚੁੱਕਾ ਸੀ, ਪਰ ਖੂਹ ਪੂਰਾ ਬਣਿਆ ਨਜ਼ਰ ਆ ਰਿਹਾ ਸੀ। ਫੇਰ ਹਲਟ ਬਣਿਆ, ਟਿੰਡਾ, ਗਾਧੀ, ਪਾਰਚਾ, ਚੁਬੱਚਾ ਆਦ ਬਣੇ। ਚਾਰ ਚੁਫੇਰੇ ਨਵੇਂ ਤੂਤ ਲਾਏ, ਹੁਣ ਠੰਢੇ ਮਿੱਠੇ ਸ਼ਰਬਤੀ ਪਾਣੀ ਵਾਲਾ ਖੂਹ ਤਿਆਰ ਸੀ। ਪੈਲੀ ਦੋ ਅਰਈਂ ਭਰਾਵਾਂ ਜਮਾਲੇ ਅਤੇ ਅਜ਼ੀਜ਼ ਨੂੰ ਪੰਜ ਦਵੰਜੀ ’ਤੇ ਦੇ ਦਿੱਤੀ। ਗਾਜਰਾਂ, ਮੂਲੀਆਂ, ਗੋਂਗਲੂ, ਮੂੰਗਰੇ, ਪੱਠੇ, ਕੱਦੂ, ਕਰੇਲੇ, ਤੋਰੀਆਂ ਅਤੇ ਖੱਖੜੀਆਂ ਦੀ ਭਰਮਾਰ ਹੋ ਗਈ। ਦੋਵੇਂ ਭਰਾ ਅਰਾਈਂ ਜੋ ਸਨ।
ਅੱਜ ਚੱਕ ਤਾਂ ਸਦਾ ਵਾਸਤੇ ਲੋਪ ਹੋ ਹੀ ਚੁੱਕੇ ਹਨ, ਖੂਹ ਵੀ ਖ਼ਤਮ ਹੋ ਰਹੇ ਹਨ ਅਤੇ ਛੇਤੀ ਹੀ ਬੱਚਿਆਂ ਨੂੰ ਤਸਵੀਰਾਂ ਦਿਖਾ ਕੇ ਹੀ ਦੱਸਣਾ ਪਵੇਗਾ, ‘ਬੱਚਿਓ, ਇਹ ਹੈ ਖੂਹ- ‘ਵੈਲ’। ਹਾਂ ਕੁਝ ਯਾਦਗਾਰੀ ਖੂਹ ਜ਼ਰੂਰ ਬਚਣਗੇ, ਜੋ ਇਤਿਹਾਸ ਨਾਲ ਜੋੜ ਕੇ ਦੇਖੇ ਜਾਂਦੇ ਹਨ। ਜਿਵੇਂ ਜਲ੍ਹਿਆ ਵਾਲੇ ਬਾਗ ਦਾ ਖੂਹ, ਛੇਹਰਟਾ ਸਾਹਿਬ, ਅਜਨਾਲੇ ਦਾ 1857 ਵਾਲਾ ਖੂਹ, ਭਾਈ ਭਗਤੇ ਵਾਲਾ ਭੂਤਾਂ ਵਾਲਾ ਖੂਹ ਜਾਂ ਮੋਗੇ ਦਾ ਵੀ ਸਰਕਾਰੀ ਖੂਹ।
ਅੱਗੇ ਖੇਤੀ ਖੂਹਾਂ ਅਤੇ ਬਲਦਾਂ ’ਤੇ ਨਿਰਭਰ ਸੀ। ਲੋਕ ਗਊ ਦੀ ਸਹੁੰ ਖਾਂਦੇ ਸਨ ਅਤੇ ਖੂਹ ਜਿੰਨੀ ਲੰਮੀ ਉਮਰ ਦੀ ਅਸੀਸ ਦਿੰਦੇ ਸਨ, ਪਰ ਮੇਰੇ ਦੇਖਦੇ-ਦੇਖਦੇ 90 ਸਾਲਾਂ ਵਿਚ ਸਾਇੰਸ ਦੀ ਤਰੱਕੀ, ਆਬਾਦੀ ਦਾ ਚਾਰ ਗੁਣਾ ਹੋਣਾ, ਵਾਤਾਵਰਨ ਦੀ ਮਾਰ, ਨਵੀਆਂ ਪਾਣੀ ਚੂਸੂ ਫ਼ਸਲਾਂ, ਦਰੱਖਤਾਂ ਦੀ ਕਟਾਈ ਤੋਂ ਡਰਦਾ ਵਿਚਾਰਾ ਪਾਣੀ ਵੀ ਥੱਲੇ-ਥੱਲੇ ਲੁਕਦਾ ਫਿਰਦਾ ਹੈ ਅਤੇ ਬੰਬੀਆਂ ਦੀ ਹੀ ਚੌਧਰ ਹੈ। ਸਰਕਾਰ ਫ਼ਸਲਾਂ ਦੀ ਬੰਦਸ਼, ਬੂਟੇ ਲਾਓ, ਪਾਣੀ ਬਚਾਓ ਵਰਗੇ ਹੁਕਮ ਦਿੰਦੀ ਹੈ ਕਿਉਂਕਿ ਪਾਣੀ ਮੁੱਕ ਰਿਹਾ ਹੈ ਅਤੇ ਆਉਣ ਵਾਲੇ ਕੁਝ ਸਾਲਾਂ ਵਿਚ ਪਾਣੀ ਦੀ ਬੋਤਲ 100 ਰੁਪਏ ਦੀ ਮਿਲੂਗੀ। ਪਿੰਡੇ ਨੂੰ ਸਪੰਜ ਕਰਕੇ ਹੀ ਗੁਜ਼ਾਰਾ ਕਰਨਾ ਪਊ। ਪਾਣੀ ਜ਼ਰੂਰੀ ਸਰਫੇ ਨਾਲ ਵਰਤੀਏ ਅਤੇ ਬਚਾਈਏ।
ਮੁੜ ਆਈਏ ਖੂਹਾਂ ’ਤੇ। ਅੱਜ ਪੈਲੀ ਵਿਚ ਕਾਲੋਨੀ ਬਣ ਗਈ ਹੈ, ਕੋਠੀਆਂ ਉਸਰ ਰਹੀਆਂ ਹਨ, ਖੂਹ ਵੀ ਮੁੰਦਿਆ ਗਿਆ ਹੈ ਅਤੇ ਸਦਾ ਲਈ ਲੋਪ ਹੋ ਗਿਆ ਹੈ, ਪਰ ਮੈਨੂੰ ਅੱਖਾਂ ਮੀਟ ਕੇ ਫੁਲਕਾਰੀਆਂ ’ਚ ਲਪੇਟਿਆ ਚੱਕ ਦਿਸ ਪੈਂਦਾ ਹੈ ਅਤੇ ਟਿੰਡਾਂ ਵਾਲਾ ਖੂਹ ਵੀ।