
ਚੰਡੀਗੜ,4 ਦਸੰਬਰ–ਦੁੱਧ ਅਤੇ ਦੁੱਧ ਪਦਾਰਥਾਂ ਦਾ ਸਿੱਧਾ ਮੰਡੀਕਰਨ ਤੇ ਵਿਸ਼ੇਸ਼ ਕਰਕੇ ਘਰਾਂ ਤੱਕ ਪਹੁੰਚ ਕਰਨਾ ਦੁੱਧ ਉਤਪਾਦਕਾਂ ਲਈ ਨਾ ਕੇਵਲ ਆਮਦਨ ਵਧਾਉਣ ਲਈ ਲਾਹੇਵੰਦ ਹੈ ਸਗੋਂ ਇਸ ਨਾਲ ਵਿਚੋਲਿਆਂ ਦੀ ਮਾਰ ਤੋਂ ਵੀ ਬਚਿਆ ਜਾ ਸਕਦਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਵੱਲੋਂ ਐਗਰੋਟੈਕ-2018 ਦੌਰਾਨ ‘ਸੁਚੱਜੀ ਡੇਅਰੀ ਫਾਰਮਿੰਗ’ ਦੇ ਵਿਸ਼ੇ ‘ਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਨ ਮੌਕੇ ਕੀਤਾ ਗਿਆ। ਸ੍ਰੀ ਬਲਬੀਰ ਸਿੱਧੂ ਨੇ ਕਿਹਾ ਕਿ ਦੁੱਧ ਦੇ ਕਿੱਤੇ ਨਾਲ ਜੁੜੇ ਕਿਸਾਨਾ ਦੀ ਆਮਦਨ ਵਧਾਉਣ ਹਿੱਤ ਹੁਣ ਵਿਚੋਲਿਆਂ ਨੂੰ ਦੁੱਧ ਵੇਚਣ ਦੇ ਪੁਰਾਣੇ ਤੇ ਰਵਾਇਤੀ ਢੰਗ ਨੂੰ ਬਦਲਣ ਦੀ ਲੋੜ ਹੈ। ਉਨਾ ਕਿਹਾ ਕਿ ਸਿੱਧੇ ਮੰਡੀਕਰਨ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਡੇਅਰੀ ਕਿਸਾਨਾਂ, ਦੁੱਧ ਉਤਪਾਦਕ ਕੰਪਨੀਆਂ, ਸੈਲਫ ਹੈਲਪ ਗਰੁੱਪਾਂ ਜਿੰਨਾਂ ਕੋਲ 50 ਦੁਧਾਰੂ ਹਨ ਅਤੇ 500 ਲੀਟਰ ਦੁੱਧ ਦਾ ਰੋਜ਼ਾਨਾ ਉਤਪਾਦਨ ਕੀਤਾ ਜਾਂਦਾ ਹੈ, ਨੂੰ ਆਟੋਮੈਟਿਕ ਦੁੱਧ ਚੁਆਈ ਯੂਨਿਟ ਸਥਾਪਤ ਕਰਨ ਲਈ 4 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾ ਕਿਹਾ ਕਿ ਬੀੜ ਦੁਸਾਂਝ, ਨਾਭਾ ਵਿਖੇ ਦੇਸੀ ਗਾਵਾਂ ਨੂੰ ਪਾਲਣ ਤੇ ਬਚਾਉਣ ਹਿੱਤ 12.5 ਕਰੋੜ ਰੁਪਏ ਦੀ ਲਾਗਤ ਨਾਲ 75 ਏਕੜ ਦੇ ਰਕਬੇ ਵਿੱਚ ਇੱਕ ਗੋਕਲ ਗਰਾਮ ਵੀ ਬਣਵਾਇਆ ਜਾ ਰਿਹਾ ਹੈ ਅਤੇ ਦੇਸੀ ਗਾਵਾਂ ਦੀ ਇੱਕ ਹਰੀ-ਭਰੀ ਸਫਾਰੀ ਵੀ ਸਥਾਪਤ ਕੀਤੀ ਜਾਵੇਗੀ। ਇਸ ਸਫਾਰੀ ਵਿੱਚ 600 ਪ੍ਰਕਾਰ ਦੀਆਂ ਦੇਸੀ ਗਾਵਾਂ ਜਿਵੇਂ ਸਾਹੀਵਾਲ, ਗਿਰ, ਥਾਰਪਰਕਰ ਅਤੇ ਰੈਡਸਿੰਧੀ ਆਦਿ ਰੱਖੀਆਂ ਜਾਣਗੀਆਂ। ਉਨਾ ਦੱਸਿਆ ਕਿ ਗੋਕਲ ਗਰਾਮ ਵਿੱਚ ਹੁਣ 200 ਗਾਵਾਂ ਰੱਖੀਆਂ ਗਈਆਂ ਹਨ ਅਤੇ ਇਨਾ ਚੰਗੀ ਨਸਲ ਦੀਆਂ ਗਾਵਾਂ ਨੂੰ ਭਵਿੱਖ ਵਿੱਚ ਬ੍ਰੀਡਿੰਗ ਲਈ ਸਾਂਡ ਪੈਦਾ ਕਰਨ ਲਈ ਵਰਤਿਆ ਜਾਵੇਗਾ।ਇਸ ਮੌਕੇ ਚੰਗੀ ਕਿਸਮ ਅਤੇ ਬਿਮਾਰੀ ਰਹਿਤ ਪਸ਼ੂਆਂ ਦੀ ਮਹੱਤਤਾ ਬਾਰੇ ਦੱਸਦਿਆਂ ਪੀਬੀਡੀ ਦੇ ਮੈਨੇਜਿੰਗ ਡਾਇਰੈਕਟਰ ਡਾ: ਬਰਵਿਨ ਕਲਾਰਕ ਨੇ ਪਸ਼ੂ ਪਾਲਣ ਲਈ ਨਵੀਂ ਤਕਨਾਲੋਜੀ ਅਖ਼ਤਿਆਰ ਕਰਨ ‘ਤੇ ਜ਼ੋਰ ਦਿੱਤਾ। ਉਨਾ ਕਿਹਾ ਕਿ ਹੁਣ ਸਾਨੂੰ ਦੁਧਾਰੂਆਂ ਦੀ ਚੰਗੀ ਸਿਹਤ ਅਤੇ ਇਮੁਨਾਈਜ਼ੇਸ਼ਨ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।ਮਨੁੱਖੀ ਵਰਤੋਂ ਲਈ ਸੁਰੱਖਿਅਤ ਦੁੱਧ ਦੇ ਮੱਦੇਨਜ਼ਰ ਪਸ਼ੂਆਂ ਵਿੱਚ ਟੀਬੀ ਪਾਏ ਜਾਣ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਉਨਾ ਕਿਹਾ ਕਿ ਟੀਬੀ ਇੱਕ ਵੱਡੀ ਕਲੀਨਕਲ, ਖ਼ੁਰਾਕ ਤੇ ਖੇਤੀ ਸਮੱਸਿਆ ਹੈ ਕਿਉਂਕਿ ਵਿਸ਼ਵ ਸਿਹਤ ਸੰਗਠਨ ਨੇ ਇਸਨੂੰ ਆਪਣੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਰੱਖਿਆ ਹੈ। ਵੱਡੀ ਸਮੱਸਿਆ ਇਹ ਵੀ ਹੈ ਕਿ ਟੀਬੀ ਦਾ ਜਰਾਸੀਮ(ਬੈਕਟੀਰੀਆ) ਵਧਣ ਲਈ ਕਾਫੀ ਲੰਮਾਂ ਸਮਾਂ ਲੈਂਦਾ ਹੈ ਤੇ ਇਸੇ ਕਰਕੇ ਇਸਦੀ ਮੁੱਢਲੀਆਂ ਸਟੇਜਾਂ ਦੌਰਾਨ ਰੋਕਥਾਮ ਕਰਨੀ ਔਖੀ ਹੈ। ਟੀਬੀ ਦੀ ਜਾਂਚ ਸਬੰਧੀ ਮੌਜੂਦਾ ਟੈਸਟ ਬਹੁਤੇ ਕਾਰਗਰ ਨਹੀਂ ਹਨ ਅਤੇ ਅਧਿਐਨ ਇਹ ਦੱਸਦੇ ਹਨ ਕਿ ਟੀਬੀ ਤੋਂ ਸੰਕ੍ਰਮਿਤ 100 ਗਾਵਾਂ ਵਿੱਚੋਂ 20 ਗਾਵਾਂ ਲੋੜੀਂਦੇ ਇਲਾਜ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ, ਇਸੇ ਲਈ ਐਕਟੀਫੇਜ ਰੈਪਿਡ ਐਸੇ ਵਰਗੀ ਨਵੀਂ ਤਕਨੀਕ ਵਰਤਣ ਦੀ ਲੋੜ ਹੈ। ਇਸ ਮੌਕੇ ਹੋਰਾਂ ਤੋਂ ਇਲਾਵਾ ਸ੍ਰੀ ਮਨਦੀਪ ਸਿੰਘ ਸੰਧੂ, ਮੁੱਖ ਕਮਿਸ਼ਨਰ ,ਪੰਜਾਬ ਟਰਾਂਸਪੇਰੈਂਸੀ ਤੇ ਅਕਾਊਂਟਾਬਿਲਟੀ ਕਮਿਸ਼ਨ, ਡਾ: ਇੰਦਰਜੀਤ ਸਿੰਘ, ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਸ੍ਰੀ ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ, ਪ੍ਰੋ. ਪੀ.ਕੇ ਉੱਪਲ, ਸ੍ਰੀਮਤੀ ਪ੍ਰਤਿਭਾ ਸ਼ਰਮਾ, ਜੀਐਮ, ਨਾਬਾਰਡ, ਸ੍ਰੀ ਗੁਰਮੀਤ ਸਿੰਘ ਭਾਟੀਆ, ਚੇਅਰਮੈਨ, ਕਿਸਾਨ ਗੋਸ਼ਟੀਆਂ -ਐਗਰੋਟੈਕ-2018 ਤੇ ਐਮ.ਡੀ ਅਜੂਨੀ ਬਾਇਓਟੈਕ ਲਿਮਟਡ ਅਤੇ ਡਾ: ਐਚ.ਐਸ ਕਾਹਲੋਂ, ਜਨਰਲ ਸਕੱਤਰ, ਸਾਹੀਵਾਲ ਤੇ ਦੇਸੀ ਪਸ਼ੂ ਸੁਸਾਇਟੀ ਵੀ ਮੌਜੂਦ ਸਨ।