ਸਿੱਖਿਆ ਮੰਤਰੀ ਵੱਲੋਂ ਜੇਤੂ ਸਕੂਲੀ ਟੀਮਾਂ ਲਈ 1 ਲੱਖ ਰੁਪਏ ਇਨਾਮੀ ਰਾਸ਼ੀ ਦਾ ਐਲਾਨ

ਐਸ.ਏ.ਐਸ. ਨਗਰ,10 ਦਸੰਬਰ–ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਅਗਲੇ ਵਰ੍ਹੇ ਤੋਂ ਵਿੱਦਿਅਕ, ਸੱਭਿਆਚਾਰਕ ਤੇ ਖੇਡ ਮੁਕਾਬਲਿਆਂ ਵਿੱਚ ਜਿੱਤਣ ਵਾਲੀਆਂ ਸਕੂਲੀ ਟੀਮਾਂ ਨੂੰ ਇਨਾਮੀ ਰਾਸ਼ੀ ਇੱਕ ਲੱਖ ਰੁਪਏ ਅਤੇ ਹਰੇਕ ਜੇਤੂ ਨੂੰ 11-11 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਹ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 50ਵੀਂ ਵਰੇਗੰਢ ਮੌਕੇ ਬੋਰਡ ਆਡੀਟੋਰੀਅਮ ਵਿੱਚ ਕਰਵਾਏ ਤਿੰਨ ਦਿਨਾਂ ਵਿੱਦਿਅਕ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨ ਮੌਕੇ ਸੰਬੋਧਨ ਕਰ ਰਹੇ ਸਨ।ਇਨਾ ਮੁਕਾਬਲਿਆਂ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਓ.ਪੀ. ਸੋਨੀ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਉਨਾ ਖ਼ਾਸ ਤੌਰ ਉਤੇ ਇਨਾਮ ਜੇਤੂ ਬੱਚਿਆਂ ਦੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਨਾ ਜੇਤੂਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਅੱਗੇ ਤੋਂ ਹੋਰ ਮਿਹਨਤ ਕਰ ਕੇ ਆਪਣੇ ਜ਼ਿਲੇ ਤੇ ਰਾਜ ਦਾ ਨਾਮ ਕੌਮਾਂਤਰੀ ਪੱਧਰ ਉਤੇ ਰੌਸ਼ਨ ਕਰਨ। ਉਨਾ ਕਿਹਾ ਕਿ ਅਧਿਆਪਕਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਗੁਣਾਤਮਕ ਸਿੱਖਿਆ ਦੇਣ ਦੇ ਨਾਲ-ਨਾਲ ਸੱਭਿਆਚਾਰਕ ਤੇ ਖੇਡ ਮੁਕਾਬਲਿਆਂ ਲਈ ਵੀ ਤਿਆਰ ਕਰਨ। ਸੂਬੇ ਦੀ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਦੇ ਆਪਣੇ ਦ੍ਰਿਸ਼ਟੀਕੋਣ ਬਾਰੇ ਚਾਨਣਾ ਪਾਉਂਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਗੁਣਾਤਮਕ ਸਿੱਖਿਆ ਸਮੇਂ ਦੀ ਮੁੱਖ ਲੋੜ ਹੈ। ਉਨਾ ਕਿਹਾ ਕਿ ਵਿਭਾਗ ਵੱਲੋਂ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੱਡੀ ਪੱਧਰ ਉਤੇ ਯੋਗਦਾਨ ਪਾਇਆ ਜਾ ਰਿਹਾ ਹੈ। ਉਨਾ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਲਈ ਤਨਦੇਹੀ ਨਾਲ ਕੰਮ ਕਰਨ। ਇਸ ਮੌਕੇ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ, ਉਪ ਚੇਅਰਮੈਨ ਸ੍ਰੀ ਬਲਦੇਵ ਸਚਦੇਵਾ,ਸਕੱਤਰ/ ਡੀ.ਜੀ.ਐਸ.ਈ. ਪ੍ਰਸ਼ਾਂਤ ਕੁਮਾਰ ਗੋਇਲ, ਬੋਰਡ ਮੈਂਬਰ ਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਤੋਂ ਪਹਿਲਾਂ ਕਰਵਾਏ ਭਾਸ਼ਣ ਮੁਕਾਬਲੇ ਵਿੱਚ ਆਸ਼ੂ ਤਿਵਾੜੀ,ਬੀ.ਸੀ. ਐਸ. ਸੀਨੀਅਰ ਸੈਕੰਡਰੀ ਸਕੂਲ, ਜ਼ਿਲਾ ਲੁਧਿਆਣਾ ਪਹਿਲੇ, ਕਵਿਤਾ ਉਚਾਰਨ ਵਿੱਚ ਸਮਨਦੀਪ ਕੌਰ, ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬੀੜ ਸਾਹਿਬ, ਜ਼ਿਲਾ ਤਰਨਤਾਰਨ ਪਹਿਲੇ ਅਤੇ ਸੁੰਦਰ ਲਿਖਾਈ ਵਿੱਚ ਗੁਰਪ੍ਰੀਤ ਕੌਰ, ਰੌਬਿਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਧੂਰੀ, ਜ਼ਿਲਾ ਸੰਗਰੂਰ ਪਹਿਲੇ ਸਥਾਨ ਉਤੇ ਰਿਹਾ। ਰਵਾਇਤੀ ਗੀਤ ਜਸ਼ਨਪ੍ਰੀਤ ਕੌਰ ਅਤੇ ਸਾਥਣਾਂ, ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਪਹਿਲੇ ਸਥਾਨ ਉਤੇ ਰਹੀਆਂ। ਲੋਕ ਗੀਤ ਮੁਕਾਬਲੇ ਵਿੱਚ ਸੁਖਦੀਪ ਕੌਰ, ਸਰਕਾਰੀ ਸਹਿ ਸਿੱਖਿਆ ਸੈਕੰਡਰੀ ਸਕੂਲ, ਗੋਲੋਵਾਲਾ, ਜ਼ਿਲਾ ਫਰੀਦਕੋਟ ਪਹਿਲੇ ਅਤੇ ਸ਼ਬਦ ਗਾਇਨ ਵਿੱਚ ਅਮਨਦੀਪ ਕੌਰ ਤੇ ਸਾਥੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੇਲਵੇ ਮੰਡੀ, ਜ਼ਿਲਾ ਹੁਸ਼ਿਆਰਪੁਰ ਪਹਿਲੇ ਸਥਾਨ ਉਤੇ ਰਹੇ।ਚਿੱਤਰਕਲਾ ਲਈ ਵਰਿੰਦਰ ਸਿੰਘ, ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ, ਦਿਉਣ, ਜ਼ਿਲਾ ਬਠਿੰਡਾ, ਪਹਿਲੇ, ਵਾਰ ਮੁਕਾਬਲੇ ਵਿੱਚ ਮੋਹਿਤ ਤੇ ਸਾਥੀ, ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ, ਜ਼ਿਲਾ ਲੁਧਿਆਣਾ ਪਹਿਲੇ ਸਥਾਨ ਉਤੇ ਰਹੇ। ਗਿੱਧਾ ਲੜਕੀਆਂ ਪਰਮੀਤ ਕੌਰ ਤੇ ਸਾਥਣਾਂ, ਸਿੰਘ ਸਭਾ ਕੰਨਿਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ, ਅਬੋਹਰ, ਫਾਜ਼ਿਲਕਾ ਪਹਿਲੇ ਨੰਬਰ ਉਤੇ ਆਈਆਂ। ਕਵਿਸ਼ਰੀ ਮੁਕਾਬਲੇ ਵਿੱਚ ਗੌਤਮ ਸਿੰਘ ਤੇ ਸਾਥੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਮ. ਰਛੀਨ, ਜ਼ਿਲਾ ਲੁਧਿਆਣਾ ਪਹਿਲੇ, ਆਮ-ਗਿਆਨ ਲਈ ਦੀਕਸ਼ਿਤ ਬਾਲੀ, ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫਗਵਾੜਾ,ਜ਼ਿਲਾ ਜਲੰਧਰ ਪਹਿਲੇ, ਮੌਲਿਕ ਲਿਖਤ ਵਿੱਚ ਨਾਮਪ੍ਰੀਤ ਕੌਰ, ਜੀ.ਟੀ.ਬੀ. ਸੀਨੀਅਰ ਸੈਕੰਡਰੀ ਸਕੂਲ, ਦਸੂਹਾ, ਜ਼ਿਲਾ ਹਸ਼ਿਆਰਪੁਰ, ਪਹਿਲੇ ਸਥਾਨ ਉਤੇ ਰਹੇ। ਭੰਗੜਾ ਮੁਕਾਬਲੇ ਵਿੱਚ ਗੁਰਮੀਤ ਸਿੰਘ ਅਤੇ ਸਾਥੀ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ, ਮਿਲਰ ਗੰਜ, ਜ਼ਿਲਾ ਲੁਧਿਆਣਾ ਨੇ ਪਹਿਲਾ, ਲੋਕ-ਨਾਚ ਵਿੱਚ ਉਮਰਾਨਾ ਅਤੇ ਸਾਥਣਾਂ, ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ, ਮਿਲਰਗੰਜ, ਜ਼ਿਲਾ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।