ਅਮਿੱਟ ਪੈੜਾਂ ਛੱਡਦਾ ਮਿਲਟਰੀ ਲਿਟਰੇਚਰ ਫੈਸਟੀਵਲ 2018 ਹੋਇਆ ਸਮਾਮਤ

ਚੰਡੀਗੜ,9 ਦਸੰਬਰ–ਇਥੇ ਕਰਵਾਇਆ ਜਾ ਰਿਹਾ ਮਿਲਟਰੀ ਲਿਟਰੇਚਰ ਫੈਸਟੀਵਲ-2018 ਅੱਜ ਅਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਸਥਾਨਕ ਲੇਕ ਕਲੱਬ ਵਿਖੇ ਕਰਵਾਏ ਗਏ ਇਸ ਫੈਸਟੀਵਲ ਦੌਰਾਨ ਵੱਡੀ ਗਿਣਤੀ ਵਿਚ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ ਤੇ ਆਨੰਦ ਮਾਣਿਆ। ਇਸ ਫੈਸਟੀਵਲ ਦੇ ਤਿੰਨ ਦਿਨਾਂ ਦੌਰਾਨ ਫੂਡ ਕੋਰਟ ਅਤੇ ਮਾਰਸ਼ਲ ਆਰਟ ਦੇ ਪ੍ਰਦਰਸ਼ਨ ਅਪਰੇਸ਼ਨ, ਵਿਜੇ ਨਾਲ ਸਬੰਧਤ ਹਥਿਆਰਾਂ ਦੀ ਪ੍ਰਦਰਸ਼ਨੀ, ਮਿਲਟਰੀ ਆਰਟ ਅਤੇ ਫੋਟੋਗਰਾਫੀ ਪ੍ਰਦਰਸ਼ਨੀ ਤੋ ਇਲਾਵਾ ਕਲੈਰੀਅਨ ਕਾਲ ਥੀਏਟਰ ਵਿਖੇ ਫੌਜੀ ਮਸਲਿਆਂ ਉਤੇ ਵਿਚਾਰ ਚਰਚਾਵਾਂ ਨੇ ਵੱਡੀ ਗਿਣਤੀ ਵਿਚ ਲੋਕਾਂ ਦਾ ਧਿਆਨ ਖਿੱਚਿਆ। ਇਸ ਫੈਸਟੀਵਲ ਦੌਰਾਨ ਫੂਡ ਕੋਰਟ ਵਿਖੇ ਪੰਜਾਬੀ, ਰਾਜਸਥਾਨੀ, ਦੱਖਣ ਭਾਰਤੀ, ਕੌਂਟੀਨੈਂਟਲ ਤੋਂ ਇਲਾਵਾ ਅਜੌਕੇ ਸਮੇਂ ਦੇ ਫਾਸਟ ਫੂਡ ਵੱਲ ਲੋਕਾਂ ਨੇ ਵਹੀਰਾਂ ਘੱਤੀਆਂ। ਇਸ ਮੌਕੇ ਪਰੰਪਰਾਗਤ ਫੌਜੀ ਖਾਣੇ, ਮੱਖਣ, ਲੱਸੀ ਅਤੇ ਵੇਰਕਾ ਦੇ ਦੁੱਧ ਉਤਪਾਦਾਂ ਦੀ ਵੀ ਕਾਫੀ ਮੰਗ ਰਹੀ ਅਤੇ ਲੋਕਾਂ ਨੇ ਇਹਨਾਂ ਦਾ ਖੂਬ ਮਜਾ ਲਿਆ। ਚਿੱਤਕਾਰਾ ਯੂਨੀਵਰਸਿਟੀ ਅਤੇ ਹੁਸ਼ਿਆਰਪੁਰ ਦੇ ਫੂਡ ਕਰਾਫਟ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਬਣਾਏ ਗਏ ਸੁਵਾਦੀ ਪਕਵਾਨਾਂ ਨੇ ਸਭ ਦਾ ਮਨ ਮੋਹ ਲਿਆ। ਇਥੇ ਖਾਸ ਗੱਲ ਇਹ ਰਹੀ ਕਿ ਭਾਰਤੀ ਫੌਜ ਦੀਆਂ ਅਲੱਗ-ਅਲੱਗ ਰੈਜੀਮੈਂਟਾਂ ਵਲੋਂ ਵਿਖਾਏ ਮਾਰਸ਼ਲ ਆਰਟ ਜਿਵੇਂ ਕਿ ਗੱਤਕਾ, ਫਿਲੀਪੀਨ ਮਾਰਸ਼ਲ ਡਾਂਸ, ਖੁੱਖਰੀ ਡਾਂਸ ਅਤੇ ਇਸ ਤੋਂ ਇਲਾਵਾ ਭੰਗੜੇ ਦਾ ਵੀ ਲੋਕਾਂ ਨੇ ਜੰਮ ਕੇ ਲੁਤਫ ਲਿਆ। ਇਸ ਮੌਕੇ ਕਲੈਰੀਅਨ ਕਾਲ ਥੀਏਟਰ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ ਜਿਥੇ ਕਈ ਫੌਜੀ ਮਸਲਿਆਂ ਤੇ ਵਿਚਾਰ ਚਰਚਾ ਹੋਈ ਜਿਹਨਾਂ ਵਿਚੋਂ ਕਾਰਗਿਲ ਦੀ ਜੰਗ ਦੌਰਾਨ ਭਾਰਤੀ ਫੌਜ ਦੁਆਰਾ ਟਾਇਗਰ ਹਿਲ ਅਤੇ ਰਾਜਾ ਪੁਕੇਟ ਉਤੇ ਕਬਜ਼ਾ ਕਰਨਾ ਪ੍ਰਮੁੱਖ ਵਿਸ਼ੇ ਰਹੇ। ਇਸ ਦੌਰਾਨ ਕਾਰਗਿਲ ਦੀ ਜੰਗ ਮੌਕੇ ਹੀ ਭਾਰਤੀ ਹਵਾਈ ਫੌਜ ਦੁਆਰਾ ਦਿਖਾਏ ਗਏ ਬਹਾਦਰੀ ਦੇ ਕਾਰਨਾਮਿਆਂ ਦੀ ਬਾਤ ਵੀ ਪਾਈ ਗਈ ਅਤੇ ਲੋਕ ਕਾਰਗਿਲ ਜੰਗ ਦੌਰਾਨ ਟਾਇਗਰ ਹਿਲ ਦੀ ਜਿੱਤ ਮੌਕੇ 8 ਸਿੱਖ ਰੈਜੀਮੈਂਟ ਦੀ ਬਹਾਦਰੀ ਦੇ ਕਿੱਸਿਆਂ ਅਤੇ ਹਥਿਆਰਾਂ ਦੇ ਪ੍ਰਦਰਸ਼ਨ ਤੋਂ ਵੀ ਬਹੁਤ ਆਕਰਸ਼ਿਤ ਹੋਏ।ਇਸ ਫੈਸਟੀਵਲ ਦੌਰਾਨ ਸ਼ਿਰਕਤ ਕਰਨ ਵਾਲੇ ਲੋਕਾਂ ਨੇ ਕਈ ਹਥਿਆਰਾਂ, ਪ੍ਰਦਰਸ਼ਨੀਆਂ ਵਿਚ ਵਿਸ਼ੇਸ਼ ਰੁਚੀ ਵਿਖਾਈ ਜਿਵੇਂ ਕਿ ਮੋਰਟਾਰ, ਐਮ.ਐਮ.ਜੀ, ਲੇਜ਼ਰ ਰੇਂਜ ਰਾਡਾਰ, ਡਰੈਗਨੋਟ ਸਨਾਇਪਰ ਰਾਇਫਲ ਜਿਹਨਾਂ ਦਾ ਭਾਰਤੀ ਫੌਜ ਨੇ ਕਾਰਗਿਲ ਜੰਗ ਦੌਰਾਨ ਦੁਸ਼ਮਣ ਨੂੰ ਹਰਾਉਣ ਵਿਚ ਇਸਤਮਾਲ ਕੀਤਾ ਸੀ। ਇਸ ਮੌਕੇ ਕਾਰਗਿਲ ਜੰਗ ਦੌਰਾਨ ਟਾਇਗਰ ਹਿਲ ਉਤੇ ਕਬਜੇ ਲਈ ਹੋਈ ਲੜਾਈ ਦੌਰਾਨ ਭਾਰਤੀ ਫੌਜ ਵਲੋਂ ਕਬਜੇ ਵਿਚ ਕੀਤੇ ਗਏ ਪਾਕਿਸਤਾਨ ਦੇ ਝੰਡੇ, ਪਾਕਿਸਤਾਨੀ ਫੌਜ ਦੇ ਕੈਪਟਨ ਕਰਨਲ ਸ਼ੇਰ ਖਾਨ ਦੀ ਜੈਕੇਟ ਅਤੇ ਪਾਕਿਸਤਾਨੀ ਫੌਜ ਦਾ ਅਸਲਾ ਲੋਕਾਂ ਦੀ ਖਿੱਚ ਦਾ ਵਿਸ਼ੇਸ਼ ਕੇਦਰ ਰਿਹਾ। ਇਸੇ ਤਰਾਂ ਹੀ ਮਿਲਟਰੀ ਆਰਟਸ ਅਤੇ ਫੋਟੋਗ੍ਰਾਫੀ ਪ੍ਰਦਰਸ਼ਨੀਆਂ ਵਿਖੇ ਵੀ ਲੋਕਾਂ ਦਾ ਵੱਡੀ ਗਿਣਤੀ ਵਿਚ ਇਕੱਠ ਆਕਰਸ਼ਣ ਦਾ ਕੇਂਦਰ ਬਣਿਆ। ਪ੍ਰਦਰਸ਼ਣੀ ਵਿਚ ਲਗਾਏ ਗਏ ਵਿਸ਼ੇਸ਼ ਚਿੱਤਰਾਂ ਵਿਚ ਵੀ ਲੋਕਾਂ ਨੇ ਖਾਸ ਰੁਚੀ ਦਿਖਾਈ।