ਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਦੀ ਹਾਦਸੇ ‘ਚ ਮੌਤ, ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਮ੍ਰਿਤਕ

ਨਵਾਂ ਪਿੰਡ : ਪਿੰਡ ਵਡਾਲਾ ਜੌਹਲ ਦੇ ਵਸਨੀਕ ਗੁਰਪ੍ਰੀਤ ਸਿੰਘ ਗੋਪੀ ਤੇ ਉਸ ਦੇ ਇਕ ਸਾਥੀ ਕਰਨਵੀਰ ਸਿੰਘ ਦੀ ਕੈਨੇਡਾ ‘ਚ ਹਾਦਸੇ ‘ਚ ਮੌਤ ਹੋਣ ਦਾ ਸਮਾਚਾਰ ਮਿਲਿਆ।

ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸਵ. ਰਣਜੀਤ ਸਿੰਘ ਵਡਾਲਾ ਜੌਹਲ ਤਿੰਨ ਕੁ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ ਤੇ ਹੁਣ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਤੇ ਉਹ ਆਪਣੀ ਰੋਟੀ ਰੋਜ਼ੀ ਕਮਾਉਣ ਲਈ ਟਰਾਲਾ ਚਲਾਉਣ ਦਾ ਕੰਮ ਕਰ ਰਿਹਾ ਸੀ। ਉਨ੍ਹਾਂ ਦਾ ਕੈਨੇਡਾ ਦੇ ਬਰੈਂਪਟਨ ਥਰਡ ਬੇ ਕੋਲ ਇਕ ਹੋਰ ਟਰਾਲੇ ਨਾਲ, ਜਿਸ ਨੂੰ ਕੋਈ ਗੋਰਾ ਚਲਾ ਰਿਹਾ ਸੀ, ਟਕਰਾਉਣ ਕਾਰਨ ਐਕਸੀਡੈਂਟ ਹੋ ਗਿਆ ਤੇ ਟਰਾਲੇ ਨੂੰ ਅੱਗ ਲੱਗ ਗਈ ਤੇ ਗੋਪੀ ਤੇ ਉਸ ਦੇ ਸਾਥੀ ਕਰਮਵੀਰ ਸਿੰਘ ਪਿੰਡ ਗ੍ੰਥਗੜ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮਿ੍ਤਕ ਗੁਰਪ੍ਰੀਤ ਆਪਣੇ ਪਿਛੇ ਆਪਣਾ ਬਜ਼ੁਰਗ ਦਾਦਾ ਬਸੰਤ ਸਿੰਘ, ਮਾਂ ਅਮਰਜੀਤ ਕੌਰ, ਭੈਣ ਸੁਮਨਪ੍ਰਰੀਤ ਕੌਰ ਤੇ ਛੋਟਾ ਭਰਾ ਦਿਲਸ਼ਾਦ ਨੂੰ ਛੱਡ ਗਿਆ। ਇਥੇ ਇਹ ਗੱਲ ਜਿਕਰਜੋਗ ਹੈ ਕਿ ਮਿ੍ਤਕ ਗੋਪੀ ਦਾ ਬੀਤੇ ਦਿਨ ਹੀ ਜਨਮ ਦਿਨ ਸੀ ਤੇ ਉਸ ਦੀ ਮੌਤ ਵੀ ਜਨਮ ਦਿਨ ਮੌਕੇ ਹੋਈ।

ਇਸ ਦਰਦਨਾਕ ਮੌਤ ‘ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਡਾ. ਦਲਬੀਰ ਸਿੰਘ ਵੇਰਕਾ, ਸਰਪੰਚ ਦਿਲਬਾਗ ਸਿੰਘ, ਕੈਪਟਨ ਜਸਵੰਤ ਸਿੰਘ, ਰਾਣਾਂ ਜੰਡ, ਸਰਪੰਚ ਸੁਖਜਿੰਦਰ ਸਿੰਘ ਨਿੱਜਰ, ਦੀਦਾਰ ਸਿੰਘ ਬੱਲ, ਹਰਦੇਵ ਸਿੰਘ ਬੱਲ, ਹਰਪ੍ਰੀਤ ਸਿੰਘ ਜੌਹਲ, ਰਣਜੀਤ ਸਿੰਗ ਬੱਲ, ਪੰਚ ਸਵਿੰਦਰ ਸਿੰਘ, ਵੱਸਣ ਸਿੰਘ ਫ਼ੌਜੀ, ਅਵਤਾਰ ਸਿੰਘ, ਅਜੀਤ ਸਿੰਘ ਤੇ ਹੋਰ ਇਲਾਕਾ ਵਾਸੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਵਿਦੇਸ਼ ਮੰਤਰਾਲੇ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕੇ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਪੰਜਾਬ ਲਿਆਉਣ ਲਈ ਪ੍ਰਬੰਧ ਕੀਤਾ ਜਾਵੇ।