
ਨਵੀਂ ਦਿੱਲੀ : ਪੱਛਮੀ ਪੌਣਾਂ ਦੀ ਗੜਬੜੀ ਕਾਰਨ 13 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ‘ਚ ਜ਼ਬਰਦਸਤ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ (IMD) ਦੀ ਭਵਿੱਖਬਾਣੀ ਮੁਤਾਬਿਕ ਸ਼ਨਿਚਰਵਾਰ ਨੂੰ ਈਰਾਨ ਤੇ ਗੁਆਂਢ ‘ਚ ਇਕ ਚੱਕਰਵਾਤੀ ਤੂਫ਼ਾਨ ਉੱਠਣ ਵਾਲਾ ਹੈ। ਇਹੀ ਨਹੀਂ, ਬਦਲਦੇ ਮੌਸਮ ਕਾਰਨ ਪੱਛਮੀ ਰਾਜਸਥਾਨ ਤੇ ਉਸ ਦੇ ਆਸ-ਪਾਸ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ‘ਚ 13 ਜਨਵਰੀ ਨੂੰ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗੜੇਮਾਰੀ ਤੇ ਬਿਜਲੀ ਪੈਣ ਦੇ ਨਾਲ-ਨਾਲ ਪੱਛਮੀ ਹਿਮਾਲਿਆਈ ਖੇਤਰ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਵੀ ਬਾਰਿਸ਼ ਹੋ ਸਕਦੀ ਹੈ।ਇਸ ਦੌਰਾਨ ਦੇਸ਼ ਭਰ ‘ਚ ਠੰਢ ਤੋਂ ਰਾਹਤ ਮਿਲਣ ਤੋਂ ਬਾਅਦ, ਮੱਧ ਭਾਰਤ ‘ਚ ਮੁੜ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਇਸ ਖੇਤਰ ‘ਚ ਆਉਣ ਵਾਲੀਆਂ ਉੱਤਰੀ-ਪੱਛਮੀ ਹਵਾਨਾਂ ਨਾਲ ਰਾਜਸਥਾਨ ਤੇ ਗੁਜਰਾਤ ਦੇ ਘੱਟੋ-ਘੱਟ ਤਾਪਮਾਨ ‘ਚ 1-2 ਡਿਗਰੀ ਸੈਲੀਸਅਸ ਦੀ ਗਿਰਾਵਟ ਆਈ ਹੈ ਜਦਕਿ ਛੱਤੀਸਗੜ੍ਹ, ਵਿਦਰਭ ਤੇ ਉੱਤਰੀ ਮਹਾਰਾਸ਼ਟਰ ਦੇ ਘੱਟੋ-ਘੱਟ ਤਾਪਮਾਨ ‘ਚ 3-5 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ।ਮੌਸਮ ਵਿਭਾਗ ਨੇ ਆਪਣੇ ਅਖਿਲ ਭਾਰਤੀ ਮੌਸਮ ਚਿਤਾਵਨੀ ਬੁਲੇਟਿਨ ‘ਚ ਕਿਹਾ, ‘ਇਕ ਤਾਜ਼ਾ ਵੈਸਟਰਨ ਡਿਸਟਰਬੈਂਸ ਦੇ 16 ਜਨਵਰੀ 2020 ਨੂੰ ਉੱਤਰੀ-ਪੱਛਮੀ ਭਾਰਤ ਦੇ ਪੱਛਮੀ ਹਿਮਾਲਿਆ ਤੇ ਮੈਦਾਨੀ ਇਲਾਕਿਆਂ ‘ਚ ਸਰਗਰਮ ਹੋਣ ਨਾਲ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।ਇਹ ਹਵਾਵਾਂ ਅਗਲੇ 24 ਘੰਟਿਆਂ ਤਕ ਜਾਰੀ ਰਹਿਣਗੀਆਂ ਜਿਸ ਨਾਲ ਤਾਪਮਾਨ ‘ਚ ਹੋਰ ਗਿਰਾਵਟ ਆਵੇਗੀ ਤੇ ਉੱਤਰੀ ਰਾਜਸਥਾਨ ਦੇ ਇਕ-ਦੋ ਇਲਾਕਿਆਂ ‘ਚ ਸੀਤ ਲਹਿਰ ਦੀ ਸਥਿਤੀ ਬਣ ਸਕਦੀ ਹੈ।