ਮੁਸ਼ੱਰਫ ਦੀ ਗ਼ੈਰ-ਮੌਜੂਦਗੀ ‘ਚ ਦੇਸ਼ਧ੍ਰੋਹ ਮਾਮਲੇ ਦੀ ਸੁਣਵਾਈ

ਲਾਹੌਰ ਹਾਈ ਕੋਰਟ ਨੇ ਸਵਾਲ ਕੀਤਾ ਹੈ ਕਿ ਕੀ ਕਿਤੇ ਅਜਿਹੀ ਮਿਸਾਲ ਮਿਲਦੀ ਹੈ ਜਿੱਥੇ ਦੇਸ਼ਧ੍ਰੋਹ ਕੇਸ ਨਾਲ ਸਬੰਧਤ ਵਿਅਕਤੀ ਦੀ ਗ਼ੈਰ-ਮੌਜੂਦਗੀ ‘ਚ ਕੇਸ ਦੀ ਸੁਣਵਾਈ ਹੋ ਰਹੀ ਹੋਵੇ ਜਦੋਂ ਵਿਸ਼ੇਸ਼ ਅਦਾਲਤ ਨੇ ਉਸ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੋਵੇ। ਸੱਯਦ ਮਜਾਹਰ ਅਲੀ ਅਕਬਰ ਨਕਵੀ, ਜੱਜ ਮੁਹੰਮਦ ਅਮੀਰ ਭੱਟੀ ਤੇ ਜੱਜ ਚੌਧਰੀ ਮਸੂਦ ਜਹਾਂਗੀਰ ‘ਤੇ ਆਧਾਰਤ ਤਿੰਨ ਮੈਂਬਰੀ ਬੈਂਚ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਦੇਸ਼ਧ੍ਰੋਹ ਮਾਮਲੇ ਦੀ ਅਪੀਲ ‘ਤੇ ਸੁਣਵਾਈ ਕੀਤੀ। ਵਿਸ਼ੇਸ਼ ਅਦਾਲਤ ਨੇ ਪਿਛਲੇ ਸਾਲ 17 ਦਸੰਬਰ ਨੂੰ ਸਾਲ 2013 ਤੋਂ ਲਟਕ ਰਹੇ ਇਸ ਮਾਮਲੇ ‘ਤੇ ਆਪਣਾ ਫ਼ੈਸਲਾ ਸੁਣਾਇਆ ਸੀ। ਬੈਰਿਸਟਰ ਅਲੀ ਜ਼ਫਰ ਨੇ ਬੈਂਚ ਨੂੰ ਦੱਸਿਆ ਕਿ ਵਿਸ਼ੇਸ਼ ਅਦਾਲਤ ਵੱਲੋਂ ਸੁਣਵਾਈ ਦੌਰਾਨ ਕਈ ਅਹਿਮ ਦਸਤਾਵੇਜ਼ਾਂ ਨੂੰ ਅਣਗੌਲਿਆਂ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਆਦੇਸ਼ ‘ਤੇ ਦਰਜ ਕੀਤਾ ਗਿਆ ਸੀ ਤੇ ਇਸ ਬਾਰੇ ਏਜੰਡਾ ਕੈਬਨਿਟ ਵਿਚ ਕਦੇ ਵੀ ਨਹੀਂ ਰੱਖਿਆ ਗਿਆ ਸੀ। ਕੈਬਨਿਟ ਦੀ ਮਨਜ਼ੂਰੀ ਬਿਨਾਂ ਧਾਰਾ 6 ਤਹਿਤ ਕੇਸ ਦਰਜ ਨਹੀਂ ਕੀਤਾ ਜਾ ਸਕਦਾ। ਜੱਜ ਨਕਵੀ ਨੇ ਕਿਹਾ ਕਿ ਜੇਕਰ ਮੁਜਰਮ ਅਦਾਲਤ ਵਿਚ ਹਾਜ਼ਰ ਨਾ ਹੋਵੇ ਤਾਂ ਉਸ ਨੂੰ ਭਗੌੜਾ ਕਰਾਰ ਦਿੱਤਾ ਜਾ ਸਕਦਾ ਹੈ ਪ੍ਰੰਤੂ ਉਸ ਦੀ ਗ਼ੈਰ-ਮੌਜੂਦਗੀ ‘ਚ ਮੌਤ ਦੀ ਸਜ਼ਾ ਕਿਵੇਂ ਸੁਣਾਈ ਜਾ ਸਕਦੀ ਹੈ। ਮਾਮਲੇ ਦੀ ਅਗਲੀ ਸੁਣਵਾਈ 13 ਜਨਵਰੀ ਨੂੰ ਹੋਵੇਗੀ।

ਪਾਕਿ ਮੰਤਰੀ ਨੇ ਟੀਵੀ ਐਂਕਰ ਨੂੰ ਮਾਰੀ ਚਪੇੜ

ਪਾਕਿਸਤਾਨ ਦੇ ਸਾਇੰਸ ਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਇਕ ਵਿਆਹ ਸਮਾਗਮ ‘ਚ ਟੀਵੀ ਐਂਕਰ ਦੇ ਚਪੇੜ ਮਾਰਨ ਦੀ ਗੱਲ ਕਬੂਲ ਕੀਤੀ ਹੈ। ਉਸ ਐਂਕਰ ਨੇ ਫਵਾਦ ਚੌਧਰੀ ਦਾ ਸਬੰਧ ਟਿਕਟਾਕ ਸਨਸਨੀ ਹਰੀਮ ਸ਼ਾਹ ਨਾਲ ਜੋੜਿਆ ਸੀ। ਇਸ ਬਾਰੇ ਆਪਣਾ ਪੱਖ ਰੱਖਦਿਆਂ ਫਵਾਦ ਚੌਧਰੀ ਨੇ ਕਿਹਾ ਕਿ ਉਹ ਇਨਸਾਨ ਹਨ ਤੇ ਨਿੱਜੀ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਸ ਤੋਂ ਪਹਿਲਾਂ ਵੀ ਫਵਾਦ ਚੌਧਰੀ ਨੇ ਇਕ ਪੱਤਰਕਾਰ ਮੁਬਾਸਿਰ ਲੁਕਮੈਨ ਨੂੰ ਇਹ ਕਹਿ ਕੇ ਚਪੇੜ ਮਾਰੀ ਸੀ ਕਿ ਉਹ ਜਾਅਲੀ ਪੱਤਰਕਾਰ ਹਨ। ਪਿਛਲੇ ਸਾਲ ਜੂਨ ਮਹੀਨੇ ‘ਚ ਚੌਧਰੀ ਨੇ ਟੀਵੀ ਮੇਜ਼ਬਾਨ ਸਾਮੀ ਇਬਰਾਹਿਮ ਨੂੰ ਵੀ ਇਕ ਵਿਆਹ ਸਮਾਗਮ ‘ਤੇ ਚਪੇੜ ਮਾਰੀ ਸੀ।

ਲਾਹੌਰ ਕਿਲ੍ਹੇ ਦੀ ਸ਼ਾਹੀ ਰਸੋਈ ‘ਚ ਹੋਇਆ ਨਿਕਾਹ

ਲਾਹੌਰ ਕਿਲ੍ਹੇ ਦੀ 400 ਸਾਲ ਪੁਰਾਣੀ ਸ਼ਾਹੀ ਰਸੋਈ ਵਿਚ ਲਹਿੰਦੇ ਪੰਜਾਬ ਦੇ ਨਿਯਮਾਂ ਨੂੰ ਤੋੜ ਕੇ ਇਕ ਨਿਕਾਹ ਕਰਵਾਇਆ ਗਿਆ। ਇਸ ਨਿਕਾਹ ਨੂੰ ਸਭ ਤੋਂ ਪਹਿਲੇ ਟਵਿੱਟਰ ‘ਤੇ ਪੋਸਟ ਕੀਤਾ ਗਿਆ ਜਿਸ ਵਿਚ ਮੇਂਹਦੀ ਦੀ ਰਸਮ ਵਿਖਾਈ ਗਈ। ਇਕ ਟੂਰ ਗਾਈਡ ਨੇ ਦੱਸਿਆ ਕਿ ਸ਼ਾਹੀ ਰਸੋਈ ਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹ ਜਹਾਨ ਨੇ ਕਰਵਾਇਆ ਸੀ। 2014 ‘ਚ ਇਸ ਦੀ ਮੁਰੰਮਤ ਕਰਵਾ ਕੇ ਇਸ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ। ਇਸ ਕਿਲ੍ਹੇ ਨੂੰ ਯੂਨੇਸਕੋ ਨੇ ਲੁਪਤ ਹੋ ਰਹੀਆਂ ਯਾਦਗਾਰਾਂ ਦੀ ਸੂਚੀ ਵਿਚ ਪਾਇਆ ਹੋਇਆ ਹੈ। ਪਾਕਿਸਤਾਨ ਫੈਡਰਲ ਐਂਟੀਕੁਇਟੀ ਐਕਟ 1975 ਜੋਕਿ ਲਾਹੌਰ ਕਿਲ੍ਹੇ ਤੇ ਸ਼ਾਲੀਮਾਰ ਗਾਰਡਨ ‘ਤੇ ਲਾਗੂ ਹੁੰਦਾ ਹੈ ਵਿਚ ਕਿਹਾ ਗਿਆ ਹੈ ਕਿ ਇਸ ਕਿਲ੍ਹੇ ਨੂੰ ਕਿਸੇ ਨਿੱਜੀ ਸਮਾਗਮ ਲਈ ਨਹੀਂ ਵਰਤਿਆ ਜਾ ਸਕਦਾ। ਲਾਹੌਰ ਸ਼ਹਿਰ ਦੇ ਡਾਇਰੈਕਟਰ ਜਨਰਲ ਕਾਮਰਾਨ ਲਾਸ਼ਾਰੀ ਨੇ ਕਿਹਾ ਹੈ ਕਿ ਇਹ ਸਮਾਗਮ ਕੇਵਲ ਸ਼ਾਹੀ ਰਸੋਈ ਤਕ ਸੀਮਤ ਸੀ ਕਿਲ੍ਹੇ ਨਾਲ ਇਸ ਦਾ ਕੋਈ ਸਬੰਧ ਨਹੀਂ ਸੀ। ਉਨ੍ਹਾਂ ਕਿਹਾ ਕਿ ਉਕਤ ਸਮਾਗਮ ਇਕ ਕਾਰਪੋਰੇਟ ਸਮਾਗਮ ਸੀ ਨਾ ਕਿ ਨਿਕਾਹ ਸਮਾਗਮ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਪਾਈ ਤਸਵੀਰ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਨਿਕਾਹ ਦੀ ਮੇਂਹਦੀ ਦੀ ਰਸਮ ਸੀ।

ਸਪੇਨ ਦੇ ਸ਼ਿਕਾਰੀ ਵੱਲੋਂ ਮਾਰਖੋਰ ਦਾ ਸ਼ਿਕਾਰ

ਸਪੇਨ ਦੇ ਸ਼ਿਕਾਰੀ ਜੋਹਨ ਮਾਰਚ ਪਾਕਿਸਤਾਨ ਦੇ ਕੌਮੀ ਜਾਨਵਰ ਮਾਰਖੋਰ ਦਾ ਸ਼ਿਕਾਰ ਕਰਨ ਵਾਲੇ ਤੀਜੇ ਵਿਅਕਤੀ ਬਣ ਗਏ ਹਨ। ਇਸ ਤੋਂ ਪਹਿਲੇ ਇਸ ਸੀਜ਼ਨ ਵਿਚ ਇਟਲੀ ਦੇ ਅਮਰੀਕਾ ਦਾ ਇਕ-ਇਕ ਸ਼ਿਕਾਰੀ ਮਾਰਖੋਰ ਦਾ ਸ਼ਿਕਾਰ ਕਰ ਚੁੱਕਾ ਹੈ। ਇਹ ਸ਼ਿਕਾਰ ਗਿਲਗਿਤ-ਬਾਲਤਿਸਤਾਨ ਦੇ ਬਾਹਰਵਾਰ ਸਾਕਵਾਰ ਨਾਲੇ ‘ਚ ਕੀਤਾ ਗਿਆ। ਜੋਹਨ ਵੱਲੋਂ ਮਾਰੇ ਗਏ ਮਾਰਖੋਰ ਦੇ ਸਿੰਙ 40 ਇੰਚ ਲੰਮੇ ਹਨ। ਸਪੇਨ ਦੇ ਇਸ ਸ਼ਿਕਾਰੀ ਨੇ ਸ਼ਿਕਾਰ ਲਈ 83 ਹਜ਼ਾਰ ਡਾਲਰ ਦੇ ਕੇ ਪਰਮਿਟ ਲਿਆ। ਭਾਵੇਂ ਪਾਕਿਸਤਾਨ ਵਿਚ ਮਾਰਖੋਰ ਦੇ ਸ਼ਿਕਾਰ ‘ਤੇ ਪਾਬੰਦੀ ਲੱਗੀ ਹੋਈ ਹੈ ਕਿਉਂਕਿ ਇਹ ਲੁਪਤ ਹੋ ਰਹੀ ਪ੍ਰਜਾਤੀ ਹੈ ਪ੍ਰੰਤੂੁ ਸਰਕਾਰ ਨੇ ਇਸ ਨੂੰ ‘ਟਰਾਫੀ ਹੰਟਿੰਗ’ ਦਾ ਨਾਂ ਦੇ ਕੇ ਕਮਾਈ ਦਾ ਸਾਧਨ ਬਣਾ ਲਿਆ ਹੈ। ਸਭ ਤੋਂ ਜ਼ਿਆਦਾ ਬੋਲੀ ਦੇਣ ਵਾਲੇ ਵਿਅਕਤੀ ਨੂੰ ਸ਼ਿਕਾਰ ਕਰਨ ਦਾ ਪਰਮਿਟ ਦਿੱਤਾ ਜਾਂਦਾ ਹੈ। ਨਿਯਮਾਂ ਅਨੁਸਾਰ ਸ਼ਿਕਾਰ ਤੋਂ ਪ੍ਰਾਪਤ ਹੋਣ ਵਾਲੀ ਫੀਸ ਦਾ 80 ਫ਼ੀਸਦੀ ਹਿੱਸਾ ਸਥਾਨਕ ਲੋਕਾਂ ਨੂੰ ਦਿੱਤਾ ਜਾਂਦਾ ਹੈ ਤਾਂਕਿ ਉਹ ਜਾਨਵਰਾਂ ਦੀ ਦੇਖਭਾਲ ਕਰਨ। ਮਾਰਖੋਰ ਕਰਾਕੋਰਮ, ਕੇਂਦਰੀ ਏਸ਼ੀਆ ਅਤੇ ਹਿਮਾਲੀਆ ਖੇਤਰ ਵਿਚ ਪਾਇਆ ਜਾਂਦਾ ਹੈ।