
ਇਸਲਾਮਾਬਾਦ : ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਭਤੀਜੇ ਹਸਨ ਨਿਆਜ਼ੀ ਦੀ ਇਕ ਮੋਬਾਈਲ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਇਕ ਸੜਕ ਹਾਦਸੇ ਤੋਂ ਬਾਅਦ ਡਰਾਈਵਰ ਨਾਲ ਗੁੰਡਾਗਰਦੀ ਕਰਦਾ ਦਿਸ ਰਿਹਾ ਹੈ। ਸ਼ਨਿਚਰਵਾਰ ਨੂੰ ਪਾਕਿਸਤਾਨ ਦੇ ਡਾਨ ਨਿਊਜ਼ ਨੇ ਇਸ ਦੀ ਜਾਣਕਾਰੀ ਦਿੱਤੀ। ਵੀਡੀਓ ‘ਚ ਹਸਨ ਨਿਆਜ਼ੀ ਇਕ ਕਾਰ ਡਰਾਈਵਰ ਨਾਲ ਅਪਸ਼ਬਦਾਂ ਦਾ ਇਸਤੇਮਾਲ ਕਰਦਾ ਦਿਸ ਰਿਹਾ ਹੈ। ਤੇ ਇੰਨਾ ਹੀ ਨਹੀਂ ਦੋ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ‘ਚ ਉਸ ਨੂੰ ਕਾਰ ਨੂੰ ਲੱਤਾਂ ਮਾਰਦੇ ਹੋਏ ਵੀ ਦੇਖਿਆ ਜਾ ਰਿਹਾ ਹੈ।ਵੀਡੀਓ ‘ਚ ਪੁਲਿਸ, ਇਮਰਾਨ ਦੇ ਭਤੀਜੇ ਹਸਨ ਨਿਆਜ਼ੀ ਤੇ ਡਰਾਈਵਰ ਵਿਚਾਲੇ ਝੜਪ ਦੌਰਾਨ ਬਚਾਅ ਦੀ ਕੋਸ਼ਿਸ਼ ਕਰ ਰਹੀ ਹੈ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਜ਼ਿਆਫ ਅਲੀ ਰੋਡ ‘ਤੇ ਨਿਆਜ਼ੀ ਤੇ ਦੂਸਰੇ ਵਿਅਕਤੀ ਦੀਆਂ ਕਾਰਾਂ ਵਿਚਕਾਰ ਮਾਮੂਲੀ ਹਾਦਸੇ ਤੋਂ ਬਾਅਦ ਇਹ ਝੜਪ ਹੋਈ। ਨਿਆਜ਼ੀ ਆਪਣੇ ਕਾਰ ‘ਚੋਂ ਬਾਹਰ ਨਿਕਲਿਆ ਤੇ ਹਾਦਸੇ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਸ ਆਦਮੀ ਤੋਂ ਚਾਬੀ ਖੋਹ ਲਈ। ਪੁਲਿਸ ਅਧਿਕਾਰੀ ਮੁਤਾਬਿਕ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕਾਫ਼ੀ ਬਹਿਸ ਵੀ ਹੋਈ, ਪੁਲਿਸ ਨੇ ਮਾਮਲੇ ਨੂੰ ਸੁਲਝਾ ਲਿਆ ਹੈ।