
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਅਲਾਟੀਆਂ ਵੱਲੋਂ ਕੀਤੀਆਂ ਵਾਧੂ ਉਸਾਰੀਆਂ ਤੇ ਤਬਦੀਲੀਆਂ ਨੂੰ ਰੈਗੂਲਰ ਕਰਵਾਉਣ ਲਈ ਪਿਛਲੇ ਡੇਢ ਮਹੀਨੇ ਤੋਂ ਵਿੱਢੇ ਸੰਘਰਸ਼ ਤਹਿਤ ਅੱਜ ਇਥੇ ਚੰਡੀਗੜ੍ਹ ਹਾਊਸਿੰਗ ਬੋਰਡ ਰੈਜ਼ੀਡੈਂਟਸ ਵੈੱਲਫੇਅਰ ਫੈੱਡਰੇਸ਼ਨ ਵੱਲੋਂ ਰਾਮ ਦਰਬਾਰ ਦੀ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਹੇਠ ਇੱਕ ਰੋਜ਼ਾ ਭੁੱਖ ਹੜਤਾਲ ਕੀਤੀ ਗਈ। ਰਾਮ ਦਰਬਾਰ ਦੀ ਮਾਰਕੀਟ ਨੇੜੇ ਕੀਤੀ ਇਸ ਭੁੱਖ ਹੜਤਾਲ ਤੋਂ ਬਾਅਦ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਫੈੱਡਰੈਸ਼ਨ ਦੇ ਚੇਅਰਮੈਨ ਨਿਰਮਲ ਦੱਤ ਸਮੇਤ ਮੇਅਰ ਰਾਜ ਬਾਲਾ ਮਲਿਕ, ਕੌਂਸਲਰ ਅਨਿਲ ਕੁਮਾਰ ਦੂਬੇ, ਦਲੀਪ ਸ਼ਰਮਾ, ਕੰਵਰ ਰਾਣਾ, ਸ਼ਿਪਰਾ ਬਾਂਸਲ ਅਤੇ ਸੁਬੀਨਾ ਬਾਂਸਲ ਨੇ ਵੀ ਸ਼ਮੂਲੀਅਤ ਕੀਤੀ।
ਰੈਲੀ ਦੌਰਾਨ ਅਲਾਟੀਆਂ ਨੇ ਮੰਗ ਕੀਤੀ ਕਿ ਵਾਧੂ ਉਸਾਰੀਆਂ ਤੇ ਲੋੜ ਅਨੁਸਾਰ ਕੀਤੀਆਂ ਤਬਦੀਲੀਆਂ ਨੂੰ ਇੱਕਮੁਸ਼ਤ ਅਦਾਇਗੀ ਸਕੀਮ ਤਹਿਤ ਰੈਗੂਲਰ ਕੀਤਾ ਜਾਵੇ। ਫੈੱਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਹਾਊਸਿੰਗ ਬੋਰਡ, ਅਲਾਟੀਆਂ ਨੂੰ ਨੋਟਿਸ ਭੇਜ ਕੇ ਤੰਗ ਕਰ ਰਿਹਾ ਹੈ। ਰੈਲੀ ਦੌਰਾਨ ਫੈਡਰੇਸ਼ਨ ਨੇ ਦਿੱਲੀ ਵਿੱਚ 1999 ਦੀ ਮਲਹੋਤਰਾ ਕਮੇਟੀ ਦੀ ਤਰਜ਼ ’ਤੇ ਚੰਡੀਗੜ੍ਹ ਲਈ ਕਮੇਟੀ ਬਣਾ ਕੇ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਕੀਤੀਆਂ ਵਾਧੂ ਉਸਾਰੀਆਂ ਅਤੇ ਤਬਦੀਲੀਆਂ ਨੂੰ ਰੈਗੂਲਰ ਕਰਵਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਥਾਨਕ ਸੰਸਦ ਮੈਂਬਰ ਕਿਰਨ ਖੇਰ ਦੀ ਅਗਵਾਈ ਵਿੱਚ ਕਮੇਟੀ ਬਣਾ ਕੇ ਉਸ ਵਿੱਚ ਦੋ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧ, ਮੇਅਰ ਅਤੇ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ, ਹਾਊਸਿੰਗ ਬੋਰਡ ਦੇ ਚੇਅਰਮੈਨ ਅਤੇ ਪ੍ਰਸ਼ਾਸਨ ਦੇ ਚੀਫ ਆਰਕੀਟੈਕਟ ਨੂੰ ਸ਼ਾਮਲ ਕੀਤਾ ਜਾਵੇ।
ਰੈਲੀ ਦੌਰਾਨ ਮੇਅਰ ਰਾਜ ਬਾਲਾ ਮਲਿਕ ਨੇ ਬੋਰਡ ਦੇ ਅਲਾਟੀਆਂ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ ਕੀਤਾ।