ਸੈਕਟਰ-29 ਵਿੱਚ ਅੱਗ ਲੱਗਣ ਨਾਲ ਘਰ ਸੜਿਆ

ਚੰਡੀਗੜ੍ਹ : ਇਥੌਂ ਦੇ ਸੈਕਟਰ-29 ਬੀ ’ਚ ਸਥਿਤ ਘਰ ਵਿੱਚ ਤੜਕੇ ਅੱਗ ਲੱਗਣ ਨਾਲ ਸਾਰਾ ਸਾਮਾਨ ਸੜ ਗਿਆ ਤੇ ਅੱਗ ਦੀ ਲਪੇਟ ’ਚ ਆਉਣ ਨਾਲ ਦੋ ਕੁੱਤਿਆਂ ਦੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਗੱਡੀਆਂ ਮੌਕੇ ’ਤੇ ਪਹੁੰਚੀਆਂ ਪਰ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚ ਜਾਂਦੀ ਤਾਂ ਘਰੇਲੂ ਸਾਮਾਨ ਅਤੇ ਕੁੱਤਿਆਂ ਨੂੰ ਬਚਾਇਆ ਜਾ ਸਕਦਾ ਸੀ।
ਘਰ ਦੇ ਮਾਲਕ ਪ੍ਰਦੀਪ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਉਪਰੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ ਜਿਸ ’ਚ ਸ਼ਾਰਟ-ਸਰਕਟ ਹੋਣ ਕਰਕੇ ਸਵੇਰੇ 2 ਵਜੇ ਦੇ ਕਰੀਬ ਘਰ ’ਚ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਘਟਨਾ ਬਾਰੇ ਪਤਾ ਲੱਗਦਿਆਂ ਹੀ ਉਹ ਅੱਗ ਬੁਝਾਉਣ ਲਈ ਕਮਰੇ ਵੱਲ ਦੌੜੇ। ਉਨ੍ਹਾਂ ਦੇਖਿਆ ਕਿ ਅੱਗ ਬਹੁਤ ਫੈਲ ਚੁੱਕੀ ਸੀ। ਉਨ੍ਹਾਂ ਨੇ ਦੋਵਾਂ ਕੁੱਤਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਨ੍ਹਾਂ ਦਾ ਚਿਹਰਾ ਵੀ ਝੁਲਸ ਗਿਆ ਅਤੇ ਉਹ ਕੁੱਤਿਆਂ ਨੂੰ ਬਚਾਅ ਵੀ ਨਾ ਸਕੇ।
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਬਾਰੇ ਫਾਇਰ ਬ੍ਰਿਗੇਡ ਅਤੇ ਪੁਲੀਸ ਨੂੰ ਸੂਚਿਤ ਕੀਤਾ ਪਰ ਫਾਇਰ ਬ੍ਰਿਗੇਡ ਸਮੇਂ ਸਿਰ ਨਹੀਂ ਪਹੁੰਚ ਸਕੀ। ਇਸ ਕਰਕੇ ਘਰ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਰਕੇ 4 ਏਸੀ, ਐਲ.ਈ.ਡੀ., ਦੋ ਅਲਮਾਰੀਆਂ, ਬੈੱਡ, ਨਕਦੀ ਅਤੇ ਹੋਰ ਸਾਮਾਨ ਨੁਕਸਾਨਿਆ ਗਿਆ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਘਰ ’ਚ ਪ੍ਰਦੀਪ ਠਾਕੁਰ, ਉਨ੍ਹਾਂ ਦੀ ਪਤਨੀ, ਦੋ ਪੁੱਤਰ ਅਤੇ ਮਾਤਾ ਸੌਂ ਰਹੇ ਸਨ। ਖੁਸ਼ਕਿਸਮਤੀ ਨਾਲ ਉਨ੍ਹਾਂ ਦਾ ਬਚਾਅ ਹੋ ਗਿਆ।

ਫਾਇਰ ਬ੍ਰਿਗੇਡ ਅਧਿਕਾਰੀ ਵੱਲੋਂ ਸਪੱਸ਼ਟੀਕਰਨ
ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਗ ਲੱਗਣ ਕਰਕੇ ਘਰ ਦਾ ਕਾਫ਼ੀ ਸਾਮਾਨ ਸੜ ਗਿਆ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 2.38 ’ਤੇ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਵਾਨਾ ਹੋ ਗਈਆਂ ਸਨ। ਅਧਿਕਾਰੀ ਅਨੁਸਾਰ ਸੈਕਟਰ-17, 32 ਅਤੇ ਇੰਡਸਟਰੀਅਲ ਏਰੀਆ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।