
ਲੁਧਿਆਣਾ: ਸ਼ਹਿਰ ਦਾ ਇਕਲੌਤਾ ਕੌਮਾਂਤਰੀ ਪੱਧਰ ਦਾ ਐਸਟ੍ਰੋਟਰਫ ਹਾਕੀ ਮੈਦਾਨ ਸੰਭਾਲ ਪੱਖੋਂ ਅਣਗੌਲਿਆਂ ਹੋਣ ਕਰਕੇ ਆਪਣੀ ਸੁੰਦਰ ਦਿੱਖ ਗੁਆਉਂਦਾ ਜਾ ਰਿਹਾ ਹੈ। ਇਸ ਮੈਦਾਨ ਦੇ ਆਲੇ ਦੁਆਲੇ ਲੱਗੀ ਜਾਲੀ ਅਤੇ ਪਾਈਪ ਵੀ ਹੌਲੀ ਹੌਲੀ ਟੁੱਟਣ ਤੇ ਗਲਣ ਲੱਗ ਪਏ ਹਨ। ਡੀਐਸਓ ਅਨੁਸਾਰ ਅਗਲੇ ਮਹੀਨੇ ਐਸਟੀਮੇਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਜਾ ਰਿਹਾ ਹੈ।
ਪੀਏਯੂ ਨੇ ਕਈ ਕੌਮਾਂਤਰੀ ਪੱਧਰ ਦੇ ਹਾਕੀ ਖਿਡਾਰੀ ਪੈਦਾ ਕੀਤੇ ਹਨ ਜਿਨਾਂ ਵਿੱਚੋਂ ਕਈਆਂ ਨੇ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਵੀ ਕੀਤੀ ਹੈ। ਇਹੋ ਵਜ੍ਹਾ ਸੀ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਪੀਏਯੂ ਵਿੱਚ ਕੁੱਝ ਸਾਲ ਪਹਿਲਾਂ ਉਕਤ ਐਸਟ੍ਰੇਟਰਫ ਹਾਕੀ ਮੈਦਾਨ ਤਿਆਰ ਕੀਤਾ ਗਿਆ ਸੀ। ਇਸ ਮੈਦਾਨ ਉੱਤੇ ਹਾਕੀ ਦੀਆਂ ਕਈ ਕੌਮੀ ਪੱਧਰ ਦੀਆਂ ਟੀਮਾਂ ਆਪਣੇ ਜੌਹਰ ਦਿਖਾ ਚੁੱਕੀਆਂ ਹਨ। ਪਰ ਹੁਣ ਇਹ ਮੈਦਾਨ ਖੇਡ ਵਿਭਾਗ ਦੀ ਕਥਿਤ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਇਸ ਮੈਦਾਨ ਦੇ ਦੋਵੇਂ ਪਾਸੇ ਖਿਡਾਰੀਆਂ ਦੇ ਕੱਪੜੇ ਬਦਲਣ ਲਈ ਬਣੇ ਕਮਰਿਆਂ ਦੀ ਹਾਲਤ ਵੀ ਤਰਸਯੋਗ ਹੈ। ਦਰਵਾਜ਼ੇ ਟੁੱਟੇ ਹੋਏ ਹਨ, ਬਾਰੀਆਂ ’ਤੇ ਲੱਗੇ ਸ਼ੀਸ਼ੇ ਵੀ ਟੁੱਟ ਕਿ ਇੱਧਰ ਉੱਧਰ ਖਿੱਲਰੇ ਪਏ ਹਨ। ਹੋਰ ਤਾਂ ਹੋਰ ਇਸ ਐਸਟ੍ਰੋਟਰ ਦੇ ਆਲੇ-ਦੁਆਲੇ ਲਾਏ ਪਾਈਪ ਵੀ ਪਿਛਲੇ ਕਈ ਸਾਲਾਂ ਤੋਂ ਰੰਗ-ਰੋਗਣ ਨਾ ਹੋਣ ਕਰਕੇ ਜੰਗਾਲ ਨਾਲ ਗਲ ਕਿ ਟੁੱਟਣੇ ਸ਼ੁਰੂ ਹੋ ਗਏ ਹਨ। ਮੈਦਾਨ ਦੇ ਚਾਰੋਂ ਪਾਸੇ ਲੱਗੀ ਜਾਲੀ ਵੀ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਮੈਦਾਨ ਦੇ ਅੰਦਰ ਸੀਵਰਜ ‘ਤੇ ਲੱਗਿਆ ਜੰਗਲਾ ਵੀ ਹੌਲੀ ਹੌਲੀ ਟੁੱਟਣਾ ਸ਼ੁਰੂ ਹੋ ਗਿਆ ਹੈ। ਹਾਕੀ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਸ ਹਾਕੀ ਮੈਦਾਨ ਦੀ ਮਹੱਤਤਾ ਨੂੰ ਦੇਖਦਿਆਂ ਖੇਡ ਵਿਭਾਗ ਨੂੰ ਜਲਦੀ ਤੋਂ ਜਲਦੀ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।
ਜ਼ਿਲ੍ਹਾ ਖੇਡ ਅਫਸਰ ਨੇ ਖਸਤਾ ਹਾਲ ਦੀ ਗੱਲ ਮੰਨੀ
ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਮੰਨਿਆ ਕਿ ਉਹ ਇਸ ਤੋਂ ਭਲੀ ਭਾਂਤ ਜਾਣੂ ਹਨ। ਜਨਵਰੀ ਵਿੱਚ ਉਹ ਕਿਤੇ ਬਾਹਰ ਹਨ ਜਦੋਂਕਿ ਫਰਵਰੀ ਮਹੀਨੇ ਇਸ ਦੀ ਮੁਰੰਮਤ ਆਦਿ ਦਾ ਐਸਟੀਮੇਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ।