
ਲੁਧਿਆਣਾ : ਪੰਜਾਬ ਵਿੱਚ ਹੀ ਨਹੀਂ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਲੋਹੜੀ ਦਾ ਤਿਉਹਾਰ ਹਰ ਸਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ’ਤੇ ਇਕੱਲੇ ਲੁਧਿਆਣਾ ਵਿੱਚ ਹੀ ਹਰ ਸਾਲ ਲੋਕ ਕਰੋੜਾਂ ਰੁਪਏ ਸਿਰਫ ਪਤੰਗ ਤੇ ਡੋਰ ਖ੍ਰੀਦਣ ‘ਤੇ ਹੀ ਖਰਚ ਕਰ ਦਿੰਦੇ ਹਨ। ਲੋਹੜੀ ਦੀ ਤਿਆਰੀ ਲਈ ਅੱਜ ਸ਼ਹਿਰ ਦੇ ਪਤੰਗ ਬਾਜ਼ਾਰਾਂ ਵਿੱਚ ਪਤੰਗ ਖ੍ਰੀਦਣ ਵਾਲਿਆਂ ਦੀ ਪੂਰੀ ਰੌਣਕ ਰਹੀ।
ਲੋਹੜੀ ਦਾ ਤਿਉਹਾਰ ਮੌਸਮ ’ਚ ਆਈ ਤਬਦੀਲੀ, ਸੂਰਜ ਦੇਵਤਾ ਦੀ ਪੂਜਾ ਅਤੇ ਮਾਘੀ ਮਹੀਨੇ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਬਹੁਤ ਸਾਰੇ ਨੌਜਵਾਨ ਇਸ ਤਿਓਹਾਰ ਨੂੰ ਪਤੰਗ ਉਡਾ ਕਿ ਮਨਾਉਂਦੇ ਹਨ। ਲੁਧਿਆਣਾ ਪਤੰਗਾਂ ਤੇ ਡੋਰ ਦੀ ਵੱਡੀ ਮੰਡੀ ਹੋਣ ਕਰਕੇ ਦੂਰ-ਦੁਰਾਡੇ ਸ਼ਹਿਰਾਂ ਦੇ ਪਤੰਗਬਾਜ਼ ਵੀ ਇੱਥੋ ਪਤੰਗ ਖ੍ਰੀਦਣ ਆਉਂਦੇ ਹਨ। ਸੋਮਵਾਰ ਨੂੰ ਲੋਹੜੀ ਹੋਣ ਕਰਕੇ ਪਤੰਗਬਾਜ਼ਾਂ ਨੇ ਅੱਜ ਹੀ ਪਤੰਗਾਂ ਤੇ ਡੋਰਾਂ ਦੀ ਖ੍ਰੀਦਦਾਰੀ ਕਰਕੇ ਆਪਣੀ ਤਿਆਰੀ ਪੂਰੀ ਕਰ ਲਈ ਹੈ। ਸ਼ਹਿਰ ਵਿੱਚ ਪਤੰਗਾਂ ਦੀਆਂ ਵੱਡੀਆਂ ਦੁਕਾਨਾਂ ਸਥਾਨਕ ਦਰੇਸੀ ਮੈਦਾਨ ਨੇੜੇ ਹੋਣ ਕਰਕੇ, ਪਤੰਗਬਾਜ਼ਾਂ ਦੀ ਭੀੜ ਵੀ ਇੱਥੇ ਹੀ ਜਿਆਦਾ ਦੇਖਣ ਨੂੰ ਮਿਲੀ ਹੈ। ਸ਼ਹਿਰ ਦੀ ਲਗਭਗ ਹਰ ਨੁੱਕਰ ‘ਤੇ ਨੌਜਵਾਨ ਆਪਣੇ ਵਾਹਨਾਂ ‘ਤੇ ਆਦਮ ਕੱਦ ਅਤੇ ਛੋਟੇ ਪਤੰਗ ਲਈ ਜਾਂਦੇ ਆਮ ਦੇਖੇ ਗਏ। ਇਨਾਂ ਤੋਂ ਇਲਾਵਾ ਘੁਮਾਰ ਮੰਡੀ, ਜਵਾਹਰ ਨਗਰ, ਸਮਰਾਲਾ ਚੌਂਕ, ਜੋਧੇਵਾਲ ਬਸਤੀ, ਡਵੀਜ਼ਨ ਨੰਬਰ ਤਿੰਨ, ਟਰੰਕਾਂ ਵਾਲਾ ਬਾਜ਼ਾਰ, ਫੀਲਡ ਗੰਜ, ਸ਼ਿੰਗਾਰ ਸਿਨੇਮਾ ਰੋਡ, ਗਊਸ਼ਾਲਾ ਰੋਡ ‘ਤੇ ਵੀ ਕਈ ਦੁਕਾਨਦਾਰਾਂ ਨੇ ਵਿਕਰੀ ਲਈ ਪਤੰਗ ਰੱਖੇ ਹੋਏ ਸਨ। ਬਾਜ਼ਾਰ ’ਚ ਇੱਕ ਵੱਡੀ ਪਤੰਗ ਦੀ ਕੀਮਤ 150 ਤੋਂ 1200 ਰੁਪਏ ਤੱਕ ਜਦੋਂਕਿ ਛੋਟੇ ਪਤੰਗਾਂ ਦੀ ਕੀਮਤ 5 ਰੁਪਏ ਤੋਂ 40-50 ਰੁਪਏ ਤੱਕ ਦੱਸੀ ਜਾ ਰਹੀ ਸੀ। ਸੋਹਣੇ ਡਿਜ਼ਾਇਨਾਂ ਵਾਲੇ ਕਾਗਜ਼ ਅਤੇ ਪਲਾਸਟਿਕ ਦੇ ਪਤੰਗ ਨੌਜਵਾਨਾਂ ਨੂੰ ਦੂਰੋਂ ਹੀ ਆਪਣੇ ਵੱਲ ਖਿਚ ਰਹੇ ਸਨ।
ਇਹ ਵੀ ਮਹਿਸੂਸ ਹੋਇਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਈ ਨੌਜਵਾਨਾਂ ਨੇ ਪਲਾਸਟਿਕ ਦੀ ਥਾਂ ਦੇਸੀ ਡੋਰ ਖ੍ਰੀਦਣ ਨੂੰ ਤਰਜ਼ੀਹ ਦਿੱਤੀ। ਦਰੇਸੀ ਮੈਦਾਨ ‘ਤੇ ਡੋਰ ਸੂਤਣ ਵਾਲਿਆਂ ਕੋਲ ਵੀ ਡੋਰ ਸੁਤਵਾਉਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਇਸੇ ਤਰ੍ਹਾਂ ਮੂੰਗਫਲੀ, ਖਿੱਲਾਂ, ਰਿਓੜੀਆਂ, ਗੱਚਕ ਆਦਿ ਦੀਆਂ ਦੁਕਾਨਾਂ ਤੋਂ ਵੀ ਲੋਕਾਂ ਨੇ ਭਾਰੀ ਖ੍ਰੀਦਦਾਰੀ ਕੀਤੀ।