
ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਹੈ ਕਿ ਜੀਂਦ ਦੇ ਨੇੜੇ ਪਿੰਡ ਹੈਬਤਪੁਰ ’ਚ 750 ਬੈੱਡ ਦਾ ਮੈਡੀਕਲ ਕਾਲਜ ਬਣਾਇਆ ਜਾਵੇਗਾ। ਇਸ ਮੈਡੀਕਲ ਕਾਲਜ ਦੇ ਨਿਰਮਾਣ ਨੂੰ ਲੈਕੇ ਹਰਿਆਣਾ ਕੈਬਨਿਟ ਦੀ ਇਨਫਰਾਸਟਰਕਚਰ ਕਮੇਟੀ ਦੁਆਰਾ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ।
ਜੀਂਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੁਸ਼ਿਅੰਤ ਚੌਟਾਲਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਮੈਡੀਕਲ ਕਾਲਜ ਵਿੱਚ ਐੱਮਬੀਬੀਐੱਸ, ਐੱਮਐੱਸ ਅਤੇ ਐੱਮਡੀ ਜਿਹੇ ਉੱਚ ਪੱਧਰੀ ਕੋਰਸ ਕਰਵਾਏ ਜਾਣਗੇ। ਇੱਥੇ ਮੈਡੀਕਲ ਕਾਲਜ ਬਣਨ ਨਾਲ ਜਿੱਥੇ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਲੋਕਾ ਨੂੰ ਬੇਹਤਰੀਨ ਇਲਾਜ ਦੀ ਸੁਵਿਧਾ ਮੁਹੱਈਆ ਹੋਵੇਗੀ, ਉੱਥੇ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਇਹ ਮੈਡੀਕਲ ਕਾਲਜ 550 ਬੈੱਡਾਂ ਦਾ ਬਣਾਇਆ ਜਾਣਾ ਸੀ ਪਰ ਹੁਣ ਇਸ ਮੈਡੀਕਲ ਕਾਲਜ ਨੂੰ 750 ਬੈੱਡਾਂ ਦਾ ਬਣਾਇਆ ਜਾਵੇਗਾ। 27 ਏਕੜ ’ਚ ਬਣਨ ਵਾਲੇ ਇਸ ਮੈਡੀਕਲ ਕਾਲਜ ਦੇ ਨਿਰਮਾਣ ’ਤੇ 525 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ ਤੇ ਦੋ ਪੜਾਵਾਂ ’ਚ ਇਸ ਮੈਡੀਕਲ ਕਾਲਜ ਦਾ ਕੰਮ ਪੂਰਾ ਕੀਤਾ ਜਾਵੇਗਾ। ਚੌਟਾਲਾ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਦੀ ਆਬਾਦੀ 10 ਹਜ਼ਾਰ ਤੋਂ ਵੱਧ ਹੈ, ਉਨ੍ਹਾਂ ਪਿੰਡਾਂ ’ਚ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦਾ ਪ੍ਰਬੰਧ ਕਰ ਕੇ ਸਥਾਈ ਪ੍ਰਬੰਧ ਕਰਨ ਦੇ ਯਤਨ ਕੀਤੇ ਜਾਣਗੇ। ਇਸ ਪਾਣੀ ਦਾ ਦੋਬਾਰਾ ਪ੍ਰਯੋਗ ਕਰਨ ਲਈ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੀ ਸਥਾਪਨਾ ਵੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪੀਣ ਦਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ 10 ਸਾਲਾਂ ਵਿੱਚ ਬੁਢਾਪਾ ਪੈਨਸ਼ਨ ਵਿੱਚ ਕੀਤਾ 700 ਰੁਪਏ ਦਾ ਵਾਧਾ, ਜਦੋਂਕਿ ਮੌਜੂਦਾ ਸਰਕਾਰ ਨੇ 70 ਦਿਨਾਂ ਵਿੱਚ ਬੁਢਾਪਾ ਪੈਨਸ਼ਨ ਵਿੱਚ 250 ਰੁਪਏ ਦਾ ਵਾਧਾ ਕੀਤਾ ਹੈ।