
ਪਠਾਨਕੋਟ: ਲੋਕ ਸਭਾ ਚੋਣਾਂ ਤੋਂ ਬਾਅਦ ਅੱਠ ਮਹੀਨੇ ਬੀਤਣ ਬਾਅਦ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਆਪਣੇ ਹਲਕੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲੇ ਹਨ। ਉਨ੍ਹਾਂ ਦੀ ਖੇਤਰ ਵਿੱਚ ਗੈਰ-ਹਾਜ਼ਰੀ ਨੂੰ ਕਾਂਗਰਸੀਆਂ ਨੇ ਮੁੱਦਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਸੰਸਦ ਮੈਂਬਰ ਦੀ ਗੁੰਮਸ਼ੁਦਗੀ ਦੇ ਪੋਸਟਰ ਸ਼ਹਿਰ ਵਿੱਚ ਲਗਾ ਦਿੱਤੇ ਹਨ।
ਸੰਸਦ ਮੈਂਬਰ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਇਹ ਪੋਸਟਰ ਕਾਂਗਰਸੀ ਕੌਂਸਲਰ ਗਣੇਸ਼ ਵਿੱਕੀ ਨੇ ਲਗਾਏ। ਉਨ੍ਹਾਂ ਢੋਲ ਢਮੱਕੇ ਨਾਲ ਗੁੰਮਸ਼ੁਦਗੀ ਦੇ ਪੋਸਟਰ ਆਪਣੇ ਵਾਰਡ ਦੇ ਕਈ ਖੇਤਰਾਂ ਵਿੱਚ ਲੋਕਾਂ ਨੂੰ ਵੰਡੇ ਅਤੇ ਕੈਂਟ ਰੇਲਵੇ ਸਟੇਸ਼ਨ ਨੇੜੇ ਦੀਵਾਰਾਂ ’ਤੇ ਵੀ ਲਗਾ ਦਿੱਤੇ ਹਨ। ਪੋਸਟਰ ਵੰਡਦੇ ਸਮੇਂ ਕੌਂਸਲਰ ਵਿੱਕੀ ਦਾ ਲੋਕਾਂ ਨੂੰ ਕਹਿਣਾ ਸੀ ਕਿ ਸਾਡਾ ਐੱਮ.ਪੀ. ਗੁੰਮ ਹੋ ਗਿਆ ਹੈ ਕ੍ਰਿਪਾ ਕਰ ਕੇ ਉਸ ਦੀ ਤਲਾਸ਼ ਕਰਨ ਵਿੱਚ ਮੱਦਦ ਕੀਤੀ ਜਾਵੇ। ਉਨ੍ਹਾਂ ਇਸ ਸਬੰਧੀ ਪ੍ਰਚਾਰ ਲਈ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦਾ ਖੇਤਰ ਚੁਣਿਆ ਹੈ। ਇਸ ਮੌਕੇ ਬਿੱਟੂ, ਅਰੁਨ ਕੁਮਾਰ, ਸੂਰਜ, ਪਵਨ ਕੁਮਾਰ, ਦੇਸ ਰਾਜ ਤੇ ਸੋਨੂ ਆਦਿ ਵੀ ਹਾਜ਼ਰ ਸਨ।