ਨਾਜਾਇਜ਼ ਸ਼ਰਾਬ ਦੀਆਂ 109 ਪੇਟੀਆਂ ਬਰਾਮਦ

ਪਟਿਆਲਾ: ਥਾਣਾ ਸਦਰ ਪਟਿਆਲਾ ਦੇ ਅਧੀਨ ਪੈਂਦੀ ਪੁਲੀਸ ਚੌਕੀ ਬਹਾਦਰਗੜ੍ਹ ਦੀ ਪੁਲੀਸ ਨੇ ਚੌਕੀ ਇੰਚਾਰਜ ਮਨਜੀਤ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਥਾਂਵਾਂ ਤੋਂ 109 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਪਟਿਆਲਾ ਵਿੱਚ ਕੇਸ ਦਰਜ ਕੀਤੇ ਗਏ ਹਨ।
ਥਾਣਾ ਸਦਰ ਪਟਿਆਲਾ ਦੇ ਐੱਸ.ਐੱਚ.ਓ. ਇੰਸਪੈਕਟਰ ਬਿੱਕਰ ਸਿੰਘ ਸੋਹੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 40 ਪੇਟੀਆਂ ਸ਼ਰਾਬ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਤੇ ਟੀਮ ਨੇ ਰਾਜਪੁਰਾ ਰੋਡ ’ਤੇ ਸਥਤ ਪਿੰਡ ਦੌਣ ਕਲਾਂ ਦੇ ਕੋਲ਼ੋਂ ਬਰਾਮਦ ਕੀਤੀ। ਪੁਲੀਸ ਟੀਮ ਜਦੋਂ ਇਸ ਖੇਤਰ ਵਿਚ ਗਸ਼ਤ ਕਰ ਰਹੀ ਸੀ, ਤਾਂ ਇੱਕ ਡਿਜ਼ਾਇਰ ਸਵਿਫ਼ਟ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ, ਤਾਂ ਇਸ ਵਿੱਚੋਂ ਸ਼ਰਾਬ ਦੀਆਂ 40 ਪੇਟੀਆਂ ਬਰਾਮਦ ਹੋਈਆਂ। ਇਨ੍ਹਾਂ ਵਿੱਚੋਂ 35 ਪੇਟੀਆਂ ਸ਼ਰਾਬ ਠੇਕਾ ਦੇਸੀ ਸਬਨਮ ਸੋਫੀ ਚੰਡੀਗੜ੍ਹ ਅਤੇ 5 ਪੇਟੀਆਂ ਸ਼ਰਾਬ ਠੇਕਾ ਦੇਸੀ ਮਾਰਕਾ ਰਾਜਧਾਨੀ ਵਿਸਕੀ ਚੰਡੀਗੜ੍ਹ ਹਨ। ਕਾਰ ਸਵਾਰ ਮੁਲਜ਼ਮਾਂ ਦੀ ਪਹਿਚਾਣ ਜਗਦੀਪ ਸਿੰਘ ਤੇ ਮਿੰਟੂ ਸਿੰਘ ਵਾਸੀਆਨ ਜ਼ਿਲ੍ਹਾ ਮਾਨਸਾ ਵਜੋਂ ਹੋਈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਪਟਿਆਲਾ ਵਿੱਚ ਹੀ ਕੇਸ ਦਰਜ ਕੀਤਾ ਗਿਆ ਹੈ। ਇੰਸਪੈਕਟਰ ਬਿੱਕਰ ਸੋਹੀ ਨੇ ਦੱਸਿਆ ਕਿ ਇਸੇ ਤਰ੍ਹਾਂ ਪੁਲੀਸ ਚੌਕੀ ਬਹਾਦਰਗੜ੍ਹ ਦੇ ਹੀ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਤੇ ਟੀਮ ਨੇ ਰਾਜਪੁਰਾ ਰੋਡ ’ਤੇ ਸਥਿਤ ਪਿੰਡ ਧਰੇੜੀ ਜੱਟਾਂ ਕੋਲ਼ੋਂ ਇਨੋਵਾ ਗੱਡੀ ਵਿੱਚੋਂ 69 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲੀਸ ਟੀਮ ਨੇ ਜਦੋਂ ਇਸ ਇਨੋਵਾ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਇਸ ਦੀ ਤਲਾਸ਼ੀ ਲਈ ਤਾਂ ਇਸ ਵਿੱਚੋਂ ਦੇਸੀ 50 ਪੇਟੀਆਂ ਸ਼ਰਾਬ ਸਬਨਮ ਸੋਫੀ ਚੰਡੀਗੜ੍ਹ ਅਤੇ 19 ਪੇਟੀਆਂ ਸ਼ਰਾਬ ਠੇਕਾ ਦੇਸੀ ਮਾਰਕਾ-555 ਗੋਲਡ ਵਿਸਕੀ ਚੰਡੀਗੜ੍ਹ ਦੀਆਂ ਮਿਲੀਆਂ। ਇਸ ਇਨੋਵਾ ਵਿੱਚ ਸਵਾਰ ਜਸਵਿੰਦਰ ਸਿੰਘ ਅਤੇ ਸਿੰਕਦਰ ਸਿੰਘ ਵਾਸੀਆਨ ਜਿਲ੍ਹਾ ਸੰਗਰੂਰ ਵਜੋਂ ਹੋਈ। ਮੁਲਜ਼ਮਾਂ ਖ਼ਿਲਾਫ਼ ਵੀ ਕੇਸ ਥਾਣਾ ਸਦਰ ਪਟਿਆਲਾ ਵਿੱਚ ਦਰਜ ਕੀਤਾ ਗਿਆ ਹੈ।