
ਪਟਿਆਲਾ: ਸਮਾਜ ਸੇਵੀ ਸੰਸਥਾ ‘ਮਨੁੱਖੀ ਅਧਿਕਾਰ ਮੰਚ’ ਵੱਲੋਂ ਧੀਆਂ ਦੀ ਲੋਹੜੀ ਨਾਂ ਹੇਠ ਕਰਵਾਏ ਗਏ ਸਮਾਗਮ ਦੌਰਾਨ ਅੱਜ ਇਥੇ ਸਰਹਿੰਦ ਰੋਡ ’ਤੇ ਸਥਿਤ ਅਨਾਜ ਮੰਡੀ ਵਿਚ 251 ਧੀਆਂ ਦੀ ਲੋਹੜੀ ਮਨਾਈ ਗਈ। ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਮੁੱਖ ਮਹਿਮਾਨ ਸਨ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਪਿਛਲੇ ਸਾਲ 151 ਧੀਆਂ ਦੀ ਲੋਹੜੀ ਮਨਾਈ ਗਈ ਸੀ, ਜੋ ਹੁਣ ਵਧ ਕੇ 251 ਹੋ ਗਈ ਹੈ। ਸਮਾਜ ਵਿੱਚ ਹੁਣ ਧੀਆਂ ਪ੍ਰਤੀ ਨਜ਼ਰੀਆ ਬਦਲ ਚੁੱਕਾ ਹੈ, ਜਿਸ ਦੀ ਮਿਸਾਲ ਪਟਿਆਲਾ ਜ਼ਿਲ੍ਹੇ ਵਿੱਚ ਪਿਛਲੇ ਸਮੇਂ ਦੌਰਾਨ ਲਿੰਗ ਅਨੁਪਾਤ ਵਿੱਚ ਹੋਏ ਵਾਧੇ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਮਹੀਨਿਆਂ ਵਿੱਚ ਨਵ ਜੰਮੀਆਂ ਧੀਆਂ ਦੀ ਗਿਣਤੀ ਲੜਕਿਆਂ ਦੀ ਤੁਲਨਾ ਵਿੱਚ ਵਧੀ ਹੈ। ਕੁੜੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ, ਸੰਸਦ ਮੈਂਬਰ ਨੇ ਕੁੜੀਆਂ ਦੇ ਚੰਗੇ ਭਵਿੱਖ ਲਈ ਅਰਦਾਸ ਕੀਤੀ।
ਇਸ ਮੌਕੇ ਪੀ.ਆਰ.ਟੀ.ਸੀ ਦੇ ਚੇਅਰਮੈਨ ਕੇ.ਕੇ ਸ਼ਰਮਾ, ਪੰਜਾਬ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਮੁੱਖ ਮੰਤਰੀ ਦੇ ਓ.ਐਸ.ਡੀ ਰਾਜੇਸ਼ ਸ਼ਰਮਾ, ਮੇਅਰ ਸੰਜੀਵ ਬਿੱਟੂ ਆਦਿ ਵੀ ਮੌਜੂਦ ਸਨ।